Nirmal Kutiya Johalan

'ਗੁਰੂ ਮਾਨਿਓ ਗ੍ਰੰਥ ਜਾਗ੍ਰਿਤੀ ਯਾਤਰਾ ' ਦਾ ਸਹੀ ਅਸਰ

ਸਬ ਤੋਂ ਪਹਿਲਾਂ ਸਰਬੱਤ ਸਾਧਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ੩੦੦ ਸਾਲਾ ਗੁਰਤਾ - ਗੱਦੀ ਦਿਵਸ ਮਨਾਏ ਜਾਣ ਦੀ ਲੱਖ ਲੱਖ ਵਧਾਈ |

ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਤੋਂ ਆਰੰਭੀ 'ਗੁਰੂ ਮਾਨਿਓ ਗ੍ਰੰਥ ਜਾਗ੍ਰਿਤੀ ਯਾਤਰਾ' ਇਕ ਇਤਿਹਾਸਿਕ ਯਾਤਰਾ ਹੈ | ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਿਚਲ ਨਗਰ ਸ਼ਾਹਿਬ ਦੇ ਪ੍ਰਬੰਧਕਾਂ, ਵਿਸ਼ੇਸ਼ ਤੋਰ ਤੇ ਚੇਅਰਮੈਨ ਪਸਰੀਚਾ ਸਾਹਿਬ, ਸੁਪਰਿਟੇਂਡੈਂਟ ਸਰਦਾਰ ਜੀ ਧੀ ਸਿੰਘ ਜੀ, ਸੁਪਰਿਟੇਂਡੈਂਟ ਸਰਦਾਰ ਸੂਰਤ ਸਿੰਘ ਜੀ ਅਤੇ ਸਾਰਿਆਂ ਦੇ ਸਿਰ ਤੇ ਹੱਥ ਰੱਖਦੇ ਹੋਏ ਸੰਤ ਮਹਾਪੁਰਖ ਸਿੰਘ ਸਾਹਿਬ ਜਥੇਦਾਰ ਕੁਲਵੰਤ ਸਿੰਘ ਜੀ ਦੀ ਦੂਰ ਦੀ ਸੋਚ ਤੇ ਦਾਦ ਦੇਣੀ ਚਾਹੀਦੀ ਹੈ, ਜਿਨ੍ਹਾਂ ਨੇ ਇਸ ਮਹਾਨ ਯਾਤਰਾ ਦਾ ਬੀੜਾ ਚੁਕਿਆ | ਸਾਰੇ ਭਾਰਤ ਵਿਚ ਸੜਕ ਰਾਹੀਂ ਇਹ ਯਾਤਰਾ ਕੇਵਲ ਸਿੱਖਾਂ ਦੇ ਮਨਾਂ ਵਿੱਚ ਨਵੀਂ ਜਾਗ੍ਰਿਤੀ ਹੀ ਨਹੀਂ ਪੈਂਦਾ ਕਰ ਰਹੀ ਬਲਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਦਰਸਾ ਰਹੀ ਹੈ ਕਿ ਸਿੱਖ ਆਪਣੇ ਅਨੂਠੇ ਇਤਿਹਾਸ ਨੂੰ ਰੋਸ਼ਣ ਰੱਖਣ ਲਈ ਐਸਾ ਅਨੋਖਾ ਊਧਮ ਕਾਰਨ ਵਿੱਚ ਸਬ ਤੋਂ ਅੱਗੇ ਹੈ |

ਸਰਬੰਸ ਦਾਨੀ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਪਦੇਸ਼

'ਆਗਿਆ ਭਈ ਅਕਾਲ ਕਿ ਤਭੀ ਚਲਾਇਉ ਪੰਥ
ਸਬ ਸਿੱਖਣ ਕੋ ਹੁਕੱਮ ਹੈ ਗੁਰੂ ਮਾਨਿਉ ਗ੍ਰੰਥ '

ਹਰ ਸਿੱਖ ਪਰਿਵਾਰ ਵਿੱਚ ਇਕ ਅਨੌਖੀ ਲਹਿਰ ਲੈ ਕੇ ਆਇਆ ਹੈ | ਜੇੜ੍ਹਾ ਸ਼ਬਦ ਅਰਦਾਸ ਦੇ ਬਾਅਦ ਸੰਗਤ ਕੇਵਲ ਇਕ ਉਪਚਾਰਕ ਤੋਰ ਤੇ ਪੜ੍ਹਦੀ ਸੀ, ਅੱਜ ਉਸਨੇ ਆਪਣਾ ਅਸਲੀ ਰੂਪ ਧਾਰਣ ਕਰ ਲਿਆ ਹੈ | ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੇ ਪ੍ਰਬੰਧਕਾਂ ਦਾ ਇਹ ਉਪਰਾਲਾ ਪੂਰਨ ਤੋਰ ਤੇ ਕਾਮਯਾਬ ਹੋਇਆ ਹੈ |

'੩੦੦ ਸਾਲ ਗੁਰੁ ਦੇ ਨਾਲ' ਦੀ ਇਲੈਕਟ੍ਰਾਨਿਕ ਮੀਡਿਆ ਤੇ ਪਰਿੰਟ ਮੀਡਿਆ ਦੁਆਰਾ ਪਬ੍ਲਿਸਿਟੀ ਨੇ ਧੂਮਾਂ ਮਚਾ ਦਿਤੀਆਂ ਹੈ | ਹਰ ਜਗ੍ਹਾਂ ਤੇ ਆਪਣੇ ਹੀ ਢੰਗ ਨਾਲ ਗੁਰਸਿੱਖ ਵੀਰਾ - ਬੀਬੀਆਂ ਨੇ ਇਸ ਯਾਤਰਾ ਦਾ ਆਨੰਦ ਮਾਨਿਆ ਹੈ | ਨਿਮਰਤਾ ਵਿੱਚ ਭਰਭੂਰ ਉਹਦੇਦਾਰ ਤੇ ਸੇਵਾਦਾਰ, ਜੋ ਯਾਤਰਾ ਦਾ ਹਿਸਾ ਹਨ, ਦਾ ਬੜਾ ਹੀ ਸ਼ਲਾਘਾ ਭਰਿਆ ਸਹਿਯੋਗ ਹੈ | ਪ੍ਰਬੰਧਕਾਂ ਨੂੰ ਵੀ ਥਾਂ ਥਾਂ ਤੋਂ ਆ ਰਹੀ ਯਾਤਰਾ ਦੇ ਸਵਾਗਤ ਤੇ ਸਤਿਕਾਰ ਦੀਆਂ ਖ਼ਬਰਾਂ ਤੋਂ ਪਤਾ ਤਾ ਲੱਗ ਹੀ ਰਿਹਾ ਹੋਣਾ ਹੈ ਕਿ ਗੁਰਸਿੱਖੀ ਦਾ ਬੀਜ ਫੁੱਟ ਕੇ ਹਾਰਿਆ ਭਰਿਆ ਅਤੇ ਖੁਸ਼ਬੂਦਾਰ ਹੋ ਗਿਆ ਹੈ |

ਸਰਬੱਤ ਸਾਧਸੰਗਤ ਨੂੰ ਇਹ ਜਾਣ ਕੇ ਅਤਿਅੰਤ ਪ੍ਰਸੰਨਤਾ ਹੋਵੇਗੀ ਕਿ ਇਹ ਯਾਤਰਾ ਜਦ ਭਾਰਤ ਦੇ ਕਈ ਹਿਸਿਆਂ ਤੋਂ ਹੁੰਦੀ ਹੋਇ, ਪੰਜਾਬ ਆਉਣ ਤੋਂ ਬਾਅਦ, ਜਲੰਧਰ ਪੋਹੰਚੀ, ਤਦ ਨਿਰਮਲ ਕੁਟੀਆ ਜੋਹਲਾਂ ਦੇ ਵਰਤਮਾਨ ਸੁੱਖੀ ਬ੍ਰਹਮਗਿਆਨੀ ਸ਼੍ਰੀ ਮਾਨ ੧੦੮ ਸੰਤ ਬਾਬਾ ਜੀਤ ਸਿੰਘ ਜੀ ਵਲੋਂ ਇਸ ਯਾਤਰਾ ਦੇ ਇੰਚਾਰਜ ਸੁਪਰੀਟੈਂਡੈਂਟ ਸਰਦਾਰ ਸੂਰਤ ਸਿੰਘ ਜੀ ਅਤੇ ਹੈਡ ਗ੍ਰੰਥ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਕਿ ਨਿਰਮਲ ਕੁਟੀਆ ਜੋਹਲਾਂ ਵਿਖੇ ਪਵਿੱਤਰ ਅਸਥਾਨ ਤੋਂ ਆਏ ਯਾਤਰਾ ਬੱਸ ਦੇ ਕਰਮਚਾਰੀਆਂ ਨੂੰ ਲਿਆ ਕੇ ਗੁਰੂ ਦਾ ਬਖਸ਼ਿਆ ਲੰਗਰ ਛਕਵਾਉਂਣ ਤੇ ਸਮੂਹ ਸਾਧਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇਤਿਹਾਸਕ ਸ਼ਾਸ਼ਤਰਾਂ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਤਿਹਾਸਿਕ ਹੱਥ ਲਿਖਤ ਪਾਵਨ ਦਮਦਮੀ ਬੀੜ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਲੀ ਦੇ ਦਰਸ਼ਨ ਕਰਵਾਏ ਜਾਂ | ਪ੍ਰਬੰਧਕਾਂ ਨੇ ਇਸ ਦੀ ਬੜੀ ਖੁਸ਼ੀ ਨਾਲ ਪ੍ਰਵਾਨਗੀ ਦਿਤੀ |

੩੧ ਮਾਰਚ ੨੦੦੯ ਨੂੰ ਇਸ ਅਲੌਕਿਕ ਯਾਤਰਾ ਦੀ ਅਗਵਾਈ ਕਰਨ ਲਈ ਮਹਾਪੁਰਖਾਂ ਵਲੋਂ ਨਿਰਮਲ ਕੁਟੀਆ ਜੋਹਲਾਂ ਤੋਂ ਪੰਜ ਪਿਆਰੇ, ਪੰਜ ਨਿਸ਼ਾਨਚੀ, ਰਾਗੀ ਤੇ ਢਾਡੀ ਜੱਥੇ ਅਤੇ ਗੁਰੂ ਮਹਾਰਾਜ ਦੀ ਸਵਾਰੀ ਦੇ ਅੱਗੇ ਗੁਰੂ ਮਹਾਰਾਜ ਦੀ ਜੈ -ਜੈਕਾਰ ਦਾ ਪ੍ਰਤੀਕ ਨਗਾਰਾ, ਸਵੇਰੇ ਹੀ ਜਲੰਧਰ ਪੁਹੰਚ ਗਏ ਸਨ | ਇਹ ਅਤਿ ਸੁੰਦਰ ਨਗਰ ਕੀਰਤਨ ਜਲੰਧਰ ਸਾਹਿਬ ਦੇ ਵੱਖ - ਵੱਖ ਥਾਵਾਂ ਤੋਂ ਹੁੰਦਾ ਹੋਇਆ ਰਾਮਾ ਮੰਡੀ, ਹੋਸ਼ਿਆਰਪੂਰ ਰੋਡ ਵੱਲ ਕਰੀਬ ਸ਼ਾਮ ਪੰਜ ਵਜੇ ਆਇਆ |ਸਾਰਾ ਦਿਨ ਚਲਦੀ ਹੋਇ ਇਹ ਮਹਾਨ 'ਗੁਰੂ ਮਾਨਿਓ ਗ੍ਰੰਥ ਜਾਗ੍ਰਿਤੀ ਯਾਤਰਾ ' ਹੋਸ਼ਿਆਰਪੂਰ ਰੋਡ ਤੋਂ ਨਿਰਮਲ ਕੁਟੀਆ ਜੋਹਲਾਂ - ਪਤਾਰਾ ਰੋਡ ਮੋੜ ਤੇ ਰਾਤ ਸਾਡੇ ਅੱਠ ਵਜੇ ਪਹੁੰਚੀ | ਇੱਥੇ ਸ਼੍ਰੀ ਮਾਨ ੧੦੮ ਸੰਤ ਬਾਬਾ ਜੀਤ ਸਿੰਘ ਜੀ ਦੀ ਅਗਵਾਈ ਹੇਠ ਇਲਾਕੇ ਭਰ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸਨ | ਗੁਰੂ ਮਹਾਰਾਜ ਦੀ ਸਵਾਰੀ ਦੇ ਆਗਮਨ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸ਼ਤਰਾਂ ਦੇ ਦਰਸ਼ਨ ਅਤੇ ਸਮੂਹ 'ਗੁਰੂ ਮਾਨਿਓ ਗ੍ਰੰਥ ਜਾਗ੍ਰਿਤੀ ਯਾਤਰਾ ' ਦੇ ਪੁਰਜ਼ੋਰ ਸਤਿਕਾਰ ਲਈ ਮਹਾਂਪੁਰਖਾਂ ਦੇ ਨਾਲ ਪੀ.ਏ.ਪੀ. ਦਾ ਬੈੰਡ ਅਤੇ ਸਿੱਖ ਰੈਜਮੈਂਟ ਆਰਮੀ ਦਾ ਬੈੰਡ ਹਾਜਰ ਸੀ | ਇਹਨਾਂ ਬੈੰਡ ਨੇ ਮਧੁਰ ਤੇ ਬੀਰ ਰਸ ਧੁਨਾਂ ਨਾਲ ਇਸ ਅਨੂਪਮ ਨਗਰ ਕੀਰਤਨ ਦਾ ਸਵਾਗਤ ਕੀਤਾ |

ਨਿਰਮਲ ਕੁਟੀਆ ਜੋਹਲਾਂ ਦੀ ਸਰਬੱਤ ਸੰਗਤ ਵਾਸਤੇ ਇਹ ਬੜੇ ਮਾਣ ਤੇ ਖੁਸ਼ੀ ਦੀ ਗੱਲ ਸੀ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਤਿਹਾਸਿਕ ਹੱਥ ਲਿੱਖਤ ਪਾਵਨ ਦਮਦਮੀ ਬੀੜ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਲੀ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸਿਕ ਸ਼ਸਤਰ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਨਿਰਮਲ ਕੁਟੀਆ ਜੋਹਲਾਂ ਵਿਖੇ ਆਏ | ਸਮੂਹ ਸੰਗਤਾਂ ਨੇ ਇਨ੍ਹਾਂ ਦੇ ਖੁੱਲੇ ਦਰਸ਼ਨ-ਦੀਦਾਰੇ ਕੀਤੇ |

ਹੁਣ ਗੱਲ ਆਉਂਦੀ ਹੈ ਕਿ ਇਸ ਯਾਤਰਾ ਦਾ ਲਾਭ ਸੰਗਤ ਨੇ ਕਿਸ ਤਰ੍ਹਾਂ ਲਿਆ |

ਸ੍ਰੀਮਾਨ ੧੦੮ ਸੰਤ ਬਾਬਾ ਜੀਤ ਸਿੰਘ ਜੀ ਮਹਾਰਾਜ ਨੇ ਛੇਤੀ ਹੀ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਲਈ ਤਿਆਰੀ ਕਰ ਲਈ | ਕੁਝ ਕੁ ਸੰਗਤ ਨੂੰ ਨਾਲ ਲਿਆ ਤੇ ਅਪ੍ਰੈਲ ਮਹੀਨੇ ਵਿਚ ਤਖ਼ਤ ਸਾਹਿਬ ਦੇ ਦਰਸ਼ਨ ਕੀਤੇ |

ਦਰਸ਼ਨਾਂ ਦਾ ਇਤਨਾ ਪ੍ਰਭਾਵ ਪਿਆ ਕਿ ਜੂਨ ਦੇ ਮਹੀਨੇ ਤੇ ਫਿਰ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਬੇਅੰਤ ਸੰਗਤ ਨੂੰ ਨਾਲ ਲੈ ਕੇ ਦਰਸ਼ਨ ਕੀਤੇ | ਪੰਜ ਯਾਤਰਾਵਾਂ ਤੇ ੧੫੦-੨੦੦ ਸੰਗਤ ਹਵਾਈ ਜਹਾਜ਼ ਰਾਹੀਂ ਤੇ ਰੇਲ ਗੱਡੀ ਰਾਹੀਂ ਸ਼੍ਰੀ ਹਜ਼ੂਰ ਸਾਹਿਬ ਪਹੁੰਚਦੀ | ਨਿਰਮਲ ਕੁਟੀਆ ਜੋਹਲਾਂ ਦੀ ਸੰਗਤ ਨੇ ਪ੍ਰਤੱਖ ਨਜ਼ਾਰਾ ਵੇਖਿਆ ਤੇ ਉਨ੍ਹਾਂ ਦਾ ਮਨ ਸ਼ਾਂਤ ਹੋਇਆ ਕਿ ਉਹ ਇਸ ਗੁਰਤਾ ਗੱਦੀ ਦੇ ਮਹਾਨ ਪੁਰਬ ਵਿਚ ਸ਼ਾਮਿਲ ਹੋਏ ਨੇ |

ਸੰਤ ਮਹਾਰਾਜ ਜੀ ਨੇ ਸੰਗਤ ਨੂੰ ਨਾਲ ਲੈ ਕਿ ਸਵੇਰੇ ਦੀ ਆਸ ਦੀ ਵਾਰ ਦਾ ਕੀਰਤਨ ਸੁਣਨਾ | ਸ਼ਾਮ ਨੂੰ ਰਹਿਰਾਸ ਸਾਹਿਬ ਦਾ ਆਨੰਦ ਮਾਨਣ ਲਈ ਹਾਜ਼ਰੀ ਭਰਨੀ | ਸੰਤ ਬਾਬਾ ਜੀ ਦਾ ਕਹਿਣਾ, 'ਤਖ਼ਤ ਸੱਚਖੰਡ ਆ ਕੇ ਐਸਾ ਲਗਦਾ ਹੈ ਜਿਵੇਂ ਆਪਣੇ ਘਰ ਆ ਗਏ ਹਾਂ' ਬਿਲਕੁਲ ਠੀਕ ਸੀ |

ਵਿਚਕਾਰ ਦੇ ਸਮੇਂ ਨੂੰ ਬਾਕੀ ਇਤਿਹਾਸਿਕ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਲਈ ਸਾਰਿਆਂ ਨੇ ਜਾਣਾ | ਸੰਗਤ ਨੇ ਬੜੇ ਪਿਆਰ ਨਾਲ ਬੈਠ ਕੇ ਗ੍ਰੰਥੀ ਸਿੰਘ ਕੋਲੋਂ ਉਸ ਗੁਰਦੁਆਰੇ ਦਾ ਇਤਿਹਾਸ ਸੁਣਨਾ ਤੇ ਪ੍ਰਸ਼ਾਦ ਲੈਣਾ | ਹਰ ਗੁਰੂਦੁਆਰਾ ਸਾਹਿਬ ਵਿਖੇ ਮਹਾਂਪੁਰਖਾਂ ਦਾ ਸਰੋਪਾ ਦੇ ਕੇ ਸਤਿਕਾਰ ਕੀਤਾ ਜਾਂਦਾ | ਤਖ਼ਤ ਸੱਚਖੰਡ ਸਾਹਿਬ ਦੇ ਬੋਰਡ ਵਲੋਂ ਇਨ੍ਹਾਂ ਇਤਿਹਾਸਿਕ ਗੁਰੂਦੁਆਰਿਆਂ ਦੇ ਦਰਸ਼ਨ ਕਰਨ ਲਈ ਸੰਗਤ ਵਾਸਤੇ ਬੋਰਡ ਦੀਆਂ ਸਪੈਸ਼ਲ ਬੱਸਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ |

ਰਾਤ ਨੂੰ ਸ਼ਬਦ ਚੌਂਕੀ ਨਾਲ ਸਾਰੀ ਸੰਗਤ ਨੇ ਸੰਤ ਬਾਬਾ ਜੀ ਦੇ ਨਾਲ ਸੱਚਖੰਡ ਸਾਹਿਬ ਦੀ ਪਰਿਕਰਮਾ ਕਰਦਿਆਂ ਨੂੰ ਵੇਖ ਉਥੇ ਸਜੇ ਹੋਰ ਮਾਈ, ਭਾਈ ਬੱਚਿਆਂ ਨੇ ਵੀ ਸੰਗਤ ਨਾਲ ਰਲ ਕੇ ਗੁਰੂ ਦੇ ਜਸ ਗਾਉਣੇ | ਸਾਰਾ ਮਾਹੌਲ ਐਸਾ ਹੁੰਦਾ ਕਿ ਜਿਵੇਂ ਸ਼ਕਸ਼ਾਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਾਜ਼ਰ ਹਨ ਤੇ ਉਨ੍ਹਾਂ ਦੇ ਅੱਗੇ ਸੰਗਤ ਜੋਦੜੀ ਕਰ ਰਹੀ ਹੈ ਕਿ ਸਾਡਾ ਬੇੜਾ ਪਾਰ ਲੰਘਾਉ |

ਦੋ ਮਹਾਂਪੁਰਖਾਂ ਦਾ ਮਿਲਣ ਅਲੌਕਿਕ ਹੁੰਦਾ ਹੈ | ਸੰਤ ਮਹਾਂਪੁਰਖ ਸਿੰਘ ਸਾਹਿਬ ਜਥੇਦਾਰ ਕੁਲਵੰਤ ਸਿੰਘ ਜੀ ਅਤੇ ਨਿਰਮਲ ਕੁਟੀਆ ਜੋਹਲਾਂ ਦੇ ਮੁੱਖੀ ਸੰਤ ਬਾਬਾ ਜੀਤ ਸਿੰਘ ਜੀ ਦਾ ਮਿਲਨ ਵੀ ਅਨੋਖਾ ਸੀ | ਮਹਾਂਪੁਰਖਾਂ ਦਾ ਇੱਕ ਦੂਸਰੇ ਲਈ ਦਿਲੋਂ ਪਿਆਰ ਤੇ ਸਤਿਕਾਰ ਉਮੜ ਉਮੜ ਕੇ ਵੇਖਣ ਦਾ ਸੁਭਾਗ ਸਮਾਂ ਪਹਿਲੀ ਵਾਰੀ ਮਿਲਿਆ | ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਨੇ ਸਾਰੀ ਸੰਗਤ ਨੂੰ ਆਪਣੇ ਅਸਥਾਨ ਤੇ ਸੱਦ ਕੇ ਲੰਗਰ ਛਕਾਉਣਾ ਤੇ ਫਿਰ ਸਰੋਪਾ ਦੇ ਕੇ ਮਾਨ ਬਖਸ਼ਣਾ | ਨਿਰਮਲ ਕੁਟੀਆ ਦੇ ਦੋਨੋਂ ਮਹਾਂਪੁਰਖਾਂ ਨੂੰ ਵੀ ਦਸਤਾਰ, ਸੁੰਦਰ ਗਾਤੀ, ਅਤੇ ਰੁਮਾਲੇ ਸਜਾ ਕੇ ਨਿਵਾਜਣਾ ਤੇ ਉਨ੍ਹਾਂ ਲਈ ਸਵੇਰ, ਸ਼ਾਮ ਦਾ ਲੰਗਰ ਵੀ ਉਨ੍ਹਾਂ ਦੇ ਨਿਵਾਸ ਅਸਥਾਨ ਤੇ ਪਹੁੰਚਾਣਾ | ਸਿੰਘ ਸਾਹਿਬ ਬਾਬਾ ਜੀ ਨੇ ਸਤਿਕਾਰ ਦੇ ਨਾਲ ਨਾਲ ਬੜਾ ਪਿਆਰ ਬਖਸ਼ਿਆ |

ਇਨ੍ਹਾਂ ਯਾਤਰਾਵਾਂ ਦੌਰਾਨ ਮਹਾਂਪੁਰਖਾਂ ਨੇ ਆਪਣੇ ਹੇਠ ਲਿਖਤ ਗੁਰਦੇਵਾਂ ਦੀ ਯਾਦ ਵਿਚ ਇਸ ਪਵਿੱਤਰ ਅਸਥਾਨ ਤੇ ਦੁਪਿਹਰ ਅਤੇ ਸ਼ਾਮ ਦੇ ਵੱਖ-ਵੱਖ ਲੰਗਰ ਕਰਵਾਏ ਅਤੇ ਅਖੰਡ ਪਾਠ ਸਾਹਿਬ ਵੀ ਰਖਵਾਏ |

1. ਬ੍ਰਹਮ ਗਿਆਨੀ ਸ੍ਰੀਮਾਨ ੧੦੮ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ
2. ਬ੍ਰਹਮ ਗਿਆਨੀ ਸ੍ਰੀਮਾਨ ੧੦੮ ਸੰਤ ਬਾਬਾ ਗਿਆਨ ਸਿੰਘ ਜੀ ਮਹਾਰਾਜ
3. ਬ੍ਰਹਮ ਗਿਆਨੀ ਸ੍ਰੀਮਾਨ ੧੦੮ ਸੰਤ ਬਾਬਾ ਹਰਭਜਨ ਸਿੰਘ ਜੀ ਵਿਰੱਕਤ

ਸਮੇਂ-ਸਮੇਂ ਤੇ ਲੰਗਰ ਹਾਲ ਵਿਚ ਪਹੁੰਚ ਕੇ ਮਹਾਂਪੁਰਖਾਂ ਨੇ ਪੰਗਤ ਵਿਚ ਸਜ ਕੇ ਸੰਗਤ ਦੇ ਨਾਲ ਲੰਗਰ ਵੀ ਛਕਿਆ |

ਤਖ਼ਤ ਸੱਚਖੰਡ ਬੋਰਡ ਦੇ ਅਹੁਦੇਦਾਰਾਂ ਨੇ ਤੇ ਕਰਮਚਾਰੀਆਂ ਨੇ ਸੰਤ ਬਾਬਾ ਜੀ ਦਾ ਪੂਰਾ ਸਤਿਕਾਰ ਕੀਤਾ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ | ਸੁਪ੍ਰਿਟੈਂਡੈਂਟ ਸਰਦਾਰ ਡੀ ਪੀ ਸਿੰਘ ਜੀ ਅਤੇ ਸੁਪ੍ਰਿਟੈਂਡੈਂਟ ਸਰਦਾਰ ਸੂਰਤ ਸਿੰਘ ਜੀ ਦਾ ਖਾਸ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਕਿਉਂ ਜੋ ਇਨ੍ਹਾਂ ਨੇ ਖਾਸ ਤੌਰ ਤੇ ਨਿਰਮਲ ਕੁਟੀਆ ਜੋਹਲਾਂ ਦੇ ਮਹਾਪੁਰਖਾਂ ਤੇ ਸੰਗਤ ਦਾ ਆਪਣਾ ਕੀਮਤੀ ਸਮਾਂ ਕੱਢਕੇ ਵਿਸ਼ੇਸ਼ ਧਿਆਨ ਦਿਤਾ | ਇਨ੍ਹਾਂ ਨੇ ਮਹਾਂਪੁਰਖਾਂ ਨੂੰ ਖਾਸ ਆਪਣੇ ਦਫਤਰ ਬੁਲਾ ਕੇ ਸਾਰੇ ਡਿਪਾਰਟਮੈਂਟਾਂ ਵਿਚ ਲੈ ਜਾ ਕੇ ਕਰਮਚਾਰੀਆਂ ਨਾਲ ਮਿਲਵਾਇਆ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਜਾਣੂ ਕਰਵਾਇਆ | ਇਨ੍ਹਾਂ ਨੇ ਤਖ਼ਤ ਸਾਹਿਬ ਵਿਖੇ ਮਹਾਂਪੁਰਖਾਂ ਦਾ ਮਮੈਂਟੋ ਭੇਂਟ ਕਰਕੇ ਸਤਿਕਾਰ ਕੀਤਾ | ਸਾਰੀ ਸੰਗਤ ਨੂੰ ਵੀ ਸਰੋਪਾ ਤੇ ਪਿੰਨੀ ਪ੍ਰਸ਼ਾਦਿ ਦੇ ਕੇ ਆਪਣਾ ਪਿਆਰ ਦਰਸਾਇਆ |

ਸੁਪ੍ਰਿਟੈਂਡੈਂਟ ਸਰਦਾਰ ਡੀ ਪੀ ਸਿੰਘ ਜੀ ਤੇ ਨਿਰਮਲ ਕੁਟੀਆ ਜੋਹਲਾਂ ਦੀ ਸੰਗਤ ਦੇ ਪਹਿਰਾਵੇ ਨੂੰ ਵੇਖ ਕੇ ਇਤਨਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਮਹਾਂਪੁਰਖਾਂ ਨੂੰ ਨਵੀਂ ਤਖ਼ਤ ਸਾਹਿਬ ਦੀ ਬੱਸ ਵਿਚ ਸੰਗਤ ਸਮੇਤ ਚਰਣ ਪਵਾਏ ਅਤੇ ਆਪ ਡਰਾਈਵਰ ਦੀ ਸੀਟ ਤੇ ਸਜ ਕੇ ਬੱਸ ਨੂੰ ਸਟਾਰਟ ਕੀਤਾ ਤੇ ਥੋੜੀ ਦੂਰ ਤਕ ਲੈ ਕੇ ਗਏ | ਇਸ ਬੱਸ ਤੇ ਹੀ ਇਸ ਸੰਗਤ ਨੂੰ ਬੈਠਾ ਕੇ ਪਹਿਲੀ ਵਾਰੀ ਇਸ ਬੱਸ ਦੀ ਵਰਤੋਂ ਇਤਿਹਾਸਿਕ ਗੁਰੂਦੁਆਰਿਆਂ ਦੇ ਦਰਸ਼ਨਾਂ ਲਈ ਉਚੇਚਾ ਕੀਤੀ ਗਈ | ਸੁਪ੍ਰਿਟੈਂਡੈਂਟ ਸਰਦਾਰ ਡੀ ਪੀ ਸਿੰਘ ਜੀ ਨੇ ਉਸ ਮੌਕੇ ਤੇ ਮਹਾਂਪੁਰਖਾਂ ਦਾ ਸ਼ੁਕਰਿਆਦਾ ਕੀਤਾ ਤੇ ਕਿਹਾ ਕਿ ਇਸ ਸੰਗਤ ਨੂੰ ਵੇਖ ਕੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕਿ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਣੇ-ਹੁਣੇ ਇਨ੍ਹਾਂ ਨੂੰ ਅੰਮ੍ਰਿਤ ਪਾਣ ਕਰਵਾਇਆ ਹੋਵੇ ਜੋ ਇਹ ਸਾਰੇ ਬੱਚੇ, ਜਵਾਨ, ਬੁੱਢੇ ਇਕੋ ਰੂਪ ਵਿਚ ਨਜ਼ਰ ਆਉਂਦੇ ਨੇ |

ਮਹਾਂਪੁਰਖਾਂ ਨੇ ਜੋ ਇਹ ਬੀੜਾ ਸੰਗਤ ਡੀ ਬੇਨਤੀ ਤੇ ਇਸ ਅਸਥਾਨ ਦੇ ਦਰਸ਼ਨ ਕਰਵਾਉਣ ਦਾ ਚੁਕਿਆ ਸੀ, ਕੇਵਲ ਇਸ ਲਈ ਕਿ ਉਹ ਇਸ ਮਹਾਨ ਨਗਰ ਦੇ ਅਸਥਾਨ ਤੇ ਆ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ | ਤਖ਼ਤ ਸਾਹਿਬ ਅਨੋਖਾ ਹੈ ਤੇ ਕੋਈ ਸ਼ੱਕ ਨਹੀਂ ਕਿ ਇਥੇ ਗੁਰੂ ਸਾਹਿਬ ਦਾ ਅੱਜ ਵੀ ਵਾਸਾ ਹੈ |

ਸੰਗਤਾਂ ਦਾ ਦਾਸ
ਐੱਮ ਪੀ ਸਿੰਘ
ਡੀ ੬\੧੯, ਵਸੰਤ ਵਿਹਾਰ
ਨਵੀਂ ਦਿੱਲੀ-੧੧੦੦੫੭