Nirmal Kutiya Johalan

ਸੰਤ ਸਮਾਗਮ

ਮਹਾਨ ਸੰਤਾਂ-ਮਹਾਂਪੁਰਖਾਂ ਦੇ ਜੀਵਨ ਦਾ ਅਸਰ ਵੇਖਣ ਲਈ ਉਨ੍ਹਾਂ ਦੇ ਬੀਜੇ ਬੀਜ ਦੀ ਪ੍ਰਫੁਲਤਾ ਨੂੰ ਵੇਖਣਾ ਜ਼ਰੂਰੀ ਹੈ | ਉਨ੍ਹਾਂ ਦੇ ਤੱਪ , ਪਰੋਪਕਾਰ, ਸਿਖਿਆਵਾਂ ਦੀ ਸੁਗੰਧੀ ਦੀ ਮਹਿਕ ਸਾਫ ਨਜ਼ਰ ਆ ਜਾਵੇਗੀ |

੭, ੮, ੯ ਨਵੰਬਰ ੨੦੧੩ ਨੂੰ ਨਿਰਮਲ ਕੁਟੀਆ ਜੋਹਲਾਂ, ਜਲੰਧਰ ਵਿਖੇ ਸ਼੍ਰੀਮਾਨ ੧੦੮ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਦੀ ੩੯ਵੀਂ ਬਰਸੀ ਅਤੇ ਉਨ੍ਹਾਂ ਦੇ ਉਤਰਧਿਕਾਰੀ ਸ਼੍ਰੀਮਾਨ ੧੦੮ ਸੰਤ ਬਾਬਾ ਗਿਆਨ ਸਿੰਘ ਜੀ ਮਹਾਰਾਜ ਦੀ ੮ਵੀਂ ਬਰਸੀ ਮਨਾਈ ਗਈ | ਦੇਸ਼ਾਂ ਵਿਦੇਸ਼ਾਂ ਤੋਂ ਸੰਗਤ , ਸੰਤਾਂ, ਸਾਧੂਆਂ, ਰਾਗੀ , ਢਾਡੀ, ਅਤੇ ਪ੍ਰਚਾਰਕਾਂ ਨੇ ਕੁਟੀਆ ਪੁੱਜ ਕੇ ਇਸ ਪਵਿੱਤਰ ਦਿਹਾੜਿਆਂ ਦਾ ਰਸ ਮਾਨਿਆ |

ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚਾਹਲਵੀਂ ਸੰਸਕ੍ਰਿਤੀ ਸਲੋਕ ਵਿਚ ਸਾਧੂ ਦੇ ਛੇ ਲੱਛਣ ਦਸੇ ਹਨ | ਉਹ ਕਹਿੰਦੇ ਹਨ :

ਮੰਤ੍ਰੰ ਰਾਮ ਰਾਮ ਨਾਮੰ ਧ੍ਯ੍ਯਾਨੰ ਸਰਬਤ੍ਰ ਪੂਰਨਹ ॥
ਗ੍ਯ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥
ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥
ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥
ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥
ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਯ੍ਯਿਾਗਿ ਸਗਲ ਰੇਣੁਕਹ ॥
ਖਟ ਲਖ੍ਯ੍ਯਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥ (ਪੰਨਾ ੧੩੫੭)

ਨਿਰਮਲ ਕੁਟੀਆ ਦੇ ਬਾਨੀ ਸ਼੍ਰੀਮਾਨ ੧੦੮ ਸੰਤ ਬਾਬਾ ਬਸੰਤ ਸਿੰਘ ਜੀ ਅਤੇ ਉਨ੍ਹਾਂ ਤੋਂ ਵਰਸਾਏ ਸ਼੍ਰੀਮਾਨ ੧੦੮ ਸੰਤ ਬਾਬਾ ਗਿਆਨ ਸਿੰਘ ਜੀ ਵਿਚ ਇਹ ਸਾਰੇ ਲੱਛਣ ਵੇਖਣ ਨੂੰ ਮਿਲਦੇ ਸਨ |

ਇਸ ਵਾਰੀ ਸ਼ਰਧਾਲੂਆਂ ਵਲੋਂ ਮਹਾਂਪੁਰਖਾਂ ਦੇ ਨਮਿਤ ੨੧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਰਖੇ ਗਏ | ਗ੍ਰੰਥੀ ਸਿੰਘਾਂ ਨੇ ਪੂਰਨ ਮਰਿਆਦਾ ਵਿਚ ਰਹੀ ਕੇ ਸ਼ੁਧ ਗੁਰਬਾਣੀ ਪੜ੍ਹੀ | ਗੁਰਪ੍ਰਤਾਪ ਸੂਰਜ ਗ੍ਰੰਥ ਦੇ ਮੁਤਾਬਿਕ :

ਜਿਨ ਕੈ ਅਦਬ ਨ ਬਾਨੀ ਧਾਰਾ |
ਜਾਨਹੁ ਸੋ ਸਿਖ ਨਹੀਂ ਹਮਾਰਾ ||੨੦||

(ਜੋ ਗੁਰਬਾਣੀ ਦਾ ਆਦਰ ਨਹੀਂ ਕਰਦਾ ਅਤੇ ਗੁਰਬਾਣੀ ਦਾ ਭੈ ਨਹੀਂ ਮਾਣਦਾ, ਉਸ ਬੰਦੇ ਨੂੰ ਸਿਖ ਨਹੀਂ ਜਾਣਿਆ ਜਾਣਾ ਚਾਹੀਦਾ |)

ਸਾਰੇ ਗ੍ਰੰਥੀ ਸਿੰਘ ਇਕ ਦਿਨ ਪਹਿਲਾਂ ੬ ਤਾਰੀਖ ਨੂੰ ਹੀ ਕੁਟੀਆ ਪੁੱਜ ਗਏ ਸੀ | ਕੁਟੀਆ ਵਿਖੇ ਕੋਈ ਵੀਂ ਗ੍ਰੰਥੀ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਹੋਣ ਦੇ ਬਾਅਦ ਸ਼ਾਮਲ ਨਹੀਂ ਹੋਂਦੇ ਅਤੇ ਨਾ ਹੀ ਅਖੰਡ ਪਾਠ ਸਾਹਿਬ ਦੌਰਾਨ ਆਪਣੀ ਰੋਲ ਦੇ ਬਾਅਦ ਕਿਸੀ ਵੀਂ ਕਾਰਣ ਪਰਿਸਰ ਤੋਂ ਬਾਹਰ ਨਹੀਂ ਜਾਂਦੇ | ਕਿਉਂ ਜੋ ਸਾਰੇ ਗ੍ਰੰਥੀ ਸਿੰਘ, ਰਾਗੀ ਢਾਡੀ, ਪ੍ਰਚਾਰਕ ੬ ਨਵੰਬਰ ਨੂੰ ਹੀ ਇਕੱਠੇ ਹੋ ਚੁਕੇ ਸੀ, ਇਸ ਕਰਕੇ ਉਸ ਦਿਨ ਸ਼ਾਮ ਨੂੰ ਦੀਵਾਨ ਸਜਿਆ | ਇਸ ਦੀਵਾਨ ਵਿਚ ਕੀਰਤਨ, ਢਾਡੀ ਵਾਰਾਂ ਗਾਈਆਂ ਗਈਆਂ ਅਤੇ ਫਿਰ ੯ ਵਜੇ ਦੇ ਕਰੀਬ ਗੁਰੂ ਕਾ ਲੰਗਰ ਵਰਤਿਆ |

੭ ਅਤੇ ੮ ਤਾਰੀਖ ਨੂੰ ਸਵੇਰੇ ਸ਼ਾਮ ਦੀਵਾਨ ਸਜਿਆ | ਅੱਠ ਤਾਰੀਖ ਸ਼ਾਮ ਨੂੰ ਦੀਵਾਨ ਵਿਚ ਦੂਰੂੰ ਨੇੜਿਉਂ ਆਏ ੩੮ ਰਾਗੀ ਜਥਿਆਂ ਨੇ ਹਾਜਰੀ ਭਰੀ | ਇਨ੍ਹਾਂ ਵਿਚ ਹਜੂਰੀ ਰਾਗੀ ਜੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਨੇ ਵੀ ਕੀਰਤਨ ਕੀਤਾ | ਸਮੇਂ ਨੂੰ ਮੁੱਖ ਰੱਖ ਕੇ ਨਿਰਮੋਲ ਗੁਰਬਾਣੀ ਕੀਰਤਨ ਦਾ ਇਕ ਸ਼ਬਦ ਜੀ ਰਾਗੀ ਪੜ੍ਹ ਸਕਦੇ ਸੀ | ਇਸ ਵਾਰੀ ਸੰਗਤ ਦੀ ਸਹੂਲਤ ਲਈ ਐਲ ਸੀ ਡੀ ਦੀ ਪੰਜ ਸਕਰੀਨਾਂ ਦਾ ਅਯੋਜਨ ਸੰਗਤ ਦੇ ਇਕ ਸੇਵਕ ਨੇ ਕੁਟੀਆ ਦੇ ਮੌਜੂਦਾ ਮਹਾਪੁਰਖਾਂ ਦੀ ਆਗਿਆ ਨਾਲ ਕੀਤਾ |

ਰਾਤ ਦੇ ਦੀਵਾਨ ਦੀ ਸਮਾਪਤੀ ਤਕਰੀਬਨ ੧੧:੩੦ ਵਜੇ ਹੋਇਆ | ਬੀਬੀਆਂ ਲਈ 'ਗੁਰੂ ਕਾ ਲੰਗਰ ' ਆਰੰਭ ਕਰ ਦਿਤਾ ਗਿਆ ਸੀ ਪਰ ਸਿੰਘਾਂ ਨੇ 'ਗੁਰੂ ਕਾ ਲੰਗਰ' ਦੀਵਾਨ ਦੀ ਸਮਾਪਤੀ ਬਾਅਦ ਹੀ ਛਕਿਆ |

ਅਗਲੇ ਦਿਨ ੯ ਤਾਰੀਖ ਨੂੰ ਮਹਾਪੁਰਖਾਂ ਦੀ ਬਰਸੀ ਦਾ ਸਮਾਗਮ ਸੀ | ਸੰਗਤ ਦੀ ਆਵਾ ਜਾਈ ਸਵੇਰੇ ਜੀ ਆਰੰਭ ਜੋ ਗਈ |

ਸਵੇਰੇ ੮:੩੦ ਵਜੇ ਤੱਕ ਸਾਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਸ਼੍ਰੀਮਾਨ ਸੰਤ ਬਾਬਾ ਜੀਤ ਸਿੰਘ ਜੀ ਭੋਗ ਦੇ ਸਮੇਂ ਹਾਜਰ ਸਨ | ਗੁਰੂ ਮਹਾਰਾਜ ਜੀ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਅਤੇ ਸੰਗਤ ਨੇ ਵਾਕ ਸਰਵਣ ਕੀਤੇ | ਸੰਤ ਬਾਬਾ ਜੀਤ ਸਿੰਘ ਜੀ ਨੇ ਆਪਣੇ ਗੁਰਦੇਵਾਂ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਤਪਸਿਆ ਤੇ ਜਨ ਪਰੋਪਕਾਰ ਬਾਰੇ ਜਾਣੂ ਕਰਵਾਇਆ | ਦੇਗ ਦੇ ਖੁਲ੍ਹੇ ਗਫੇ ਸੰਗਤ ਨੂੰ ਬਕਸ਼ੇ ਗਏ | ਸੰਗਤ ਨੂੰ ਜਲ ਪਾਣੀ ਛੱਕਣ ਦਾ ਹੁਕਮ ਜੋ ਗਿਆ | ਜਲ ਪਾਣੀ ਵਿਚ ਕੁਟੀਆ ਵਿਚ ਅਮ੍ਰਤਧਾਰੀ ਹਲਵਾਈਆਂ ਦੀ ਬਣੀ ਬਰਫੀ , ਲੱਡੂ ਅਤੇ ਨਮਕੀਨ ਸਮੁੰਦਰ ਪ੍ਰਸ਼ਾਦ ਨਾਲ ਛਕਾਇਆ ਗਿਆ |

ਸਾਰੇ ਗ੍ਰੰਥੀ ਸਿੰਘਾਂ ਦਾ ਚਰਨ ਛੂਹ ਕੇ ਸਤਿਕਾਰ ਅਗੇ ਉਨ੍ਹਾਂ ਨੂੰ ਯਥਾ ਯੋਗ, ਬਸਤਰ , ਅਤੇ ਮਾਇਆ ਭੇਂਟ ਕੀਤੀ ਗਈ |ਸ਼੍ਰੀਮਾਨ ੧੦੮ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਗ੍ਰੰਥੀ ਸਿੰਘਾਂ ਨੂੰ ਗੁਰੂ ਸਾਹਿਬ ਵਜ਼ੀਰ ਕਹਿ ਕੇ ਬੁਲਾਂਦੇ ਸਨ, ਦੇ ਚਰਨਾਂ ਨੂੰ ਛੂਹ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ |

ਜਲ ਪਾਣੀ ਛੱਕਣ ਦੇ ਬਾਅਦ ਸੰਗਤ ਦਰਬਾਰ ਅਗੇ ਵਾਪਸ ਆ ਗਈ, ਜਿੱਥੇ ਹੁਣ ਰਾਗੀ ਜਥਿਆਂ ਦੀ ਦੋ ਪੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਣ ਦੇ ਰਸਤੇ ਦੇ ਸਾਈਡ ਉਤੇ ਸਨ |੨੧ ਰਾਗੀ ਜੱਥਿਆਂ ਨੇ ਆਸਾਂ ਦੀ ਵਾਰ ਦੇ ਇਕ ਛੰਦ ਦਾ ਕੀਰਤਨ ਕੀਤਾ |

ਇਸ ਉਪਰੰਤ ਸੰਤਾਂ ਸਾਧੂਆਂ ਦਾ ਆਣਾ ਆਰੰਭ ਹੋ ਗਿਆ ਅਤੇ ਸਾਰੇ ਪੰਡਾਲ ਵਿਚ ਆ ਕੇ ਗੁਰੂ ਸਾਹਿਬ ਦੀ ਗੁਰਬਾਣੀ ਦਾ ਆਨੰਦ ਮਾਨਣ ਲਗ ਗਏ | ਸ਼੍ਰੀਮਾਨ ਸੰਤ ਬਾਬਾ ਜਿੱਤ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਦਸਮ ਪਾਤਸ਼ਾਹ ਦੇ ਚਲਾਏ ਨਿਰਮਲ ਸਾਧੂਆਂ ਦਾ ਇਤਿਹਾਸ ਵਰਨਣ ਸਾਹਿਤ ਦਸਿਆ | ਆਪ ਜੀ ਨੇ ਸੰਗਤ ਨੂੰ ਆਪਣੇ ਗੁਰਦੇਵਾਂ ਦੀ ਚਲਾਈ ਮਰਿਆਦਾ ਬਾਰੇ ਦਸਦਿਆਂ ਗੁਰਬਾਣੀ ਨਾਲ ਜੁੜਣ, ਸਾਰੇ ਨਸ਼ਿਆਂ ਦੇ ਤਿਆਗ ਅਤੇ ਦਸਮ ਪਾਤਸ਼ਾਹ ਦੇ ਬਖਸ਼ੇ ਖੰਡੇ ਬਾਟੇ ਦਾ ਅੰਮ੍ਰਿਤ ਛੱਕਣ ਲਈ ਕਿਹਾ | ਸੰਤ ਬਾਬਾ ਭਾਗ ਸਿੰਘ ਜੀ ਬੰਗਾ, ਪ੍ਰਧਾਨ ਦੋਆਬਾ ਨਿਰਮਲ ਮੰਡਲ, ਨੇ ਮਹਾਂਪੁਰਖਾਂ ਦੇ ਜੀਵਨ ਤੋਂ ਸੋਧ ਲੈਣ ਲਈ ਸੰਗਤ ਨੂੰ ਪ੍ਰੇਰਿਆ | ਇਸ ਮੌਕੇ ਉੱਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵਾ, ਸੰਤ ਪ੍ਰੀਤਮ ਸਿੰਘ ਜੀ ਡਮੋਲੀ ਅਤੇ ਹੋਰ ਮਹਾਂਪੁਰਖ ਵੀ ਸ਼ਾਮਿਲ ਹੋਏ |

ਸਾਰੇ ਸੰਤਾਂ ਸਾਧੂਆਂ ਨੂੰ ਲੰਗਰ ਛਕਾਇਆ ਗਿਆ ਅਤੇ ਕੁਟੀਆ ਵਲੋਂ ਸਤਿਕਾਰ ਕੀਤਾ ਗਿਆ |

ਚਾਰ ਢਾਡੀ ਜੱਥਿਆਂ ਨੇ ਗੁਰੂ ਸਾਹਿਬ ਦੇ ਇਤਿਹਾਸ ਨਾਲ ਸੰਗਤ ਨੂੰ ਜੋੜਿਆ | ਫੌਜੀ ਬੈਂਡ, ਪ੍ਰਾਵੇਟ ਬੈਂਡਾਂ ਨੇ ਫਿਰ ਗੁਰਬਾਣੀ ਦੀ ਤਰਜ਼ਾਂ ਆਪਣੇ ਸਾਜ਼ਾਂ ਉਤੇ ਕੱਢਿਆ | ਆਨੰਦ ਸਾਹਿਬ ਦੇ ਕੀਰਤਨ ਉਪਰੰਤ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਅਤੇ ਦੀਵਾਨ ਦੀ ਸਮਾਪਤੀ ਤਕਰੀਬਨ ਤਿੰਨ ਕੁ ਵਜੇ ਹੋਈ | ਅੰਮ੍ਰਿਤਧਾਰੀ ਗੁਰਸਿਖਾਂ-ਬੀਬੀਆਂ ਵੱਲੋਂ ਦੇਸੀ ਘਿਉ ਵਿਚ ਬਣੇ 'ਗੁਰੂ ਕੇ ਲੰਗਰ' ਬੜ੍ਹੇ ਹੀ ਸ਼ਾਂਤਮਈ ਵਾਤਾਵਰਨ ਵਿਚ ਅਤੁੱਟ ਵਰਤਾਏ ਗਏ |