Nirmal Kutiya Johalan

ਜਲੰਧਰ ਸ਼ਹਿਰ ਵਿਖੇ ਦੋ ਵੱਡੇ
ਨਗਰ ਕੀਰਤਨਾਂ ਦਾ ਪਿਛੋਕੜ

ਸੋਹਨ ਸਿੰਘ
ਡੀ.ਐਸ.ਪੀ (ਰਿਟਾਇਰਡ)

ਸਤਿਗੁਰ ਪ੍ਰਸਾਦਿ ||
ਮਨ ਮਹਿ ਚਿਤਵਉ ਉਦਮੁ ਕਰਉ ਉਠਿ ਨੀਤ ||
ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ||੧||(ਪੰਨਾ ੫੧੯)

ਇਹ ਸਭ ਭਲੀ ਪੂਰਵਕ ਜਾਣਦੇ ਹਨ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ-ਪਵਿੱਤਰ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਜਲੰਧਰ ਸ਼ਹਿਰ ਵਿਖੇ, ਦੋਆਬੇ ਦੇ ਸਭ ਤੋਂ ਵੱਧ ਰੌਣਕ ਵਾਲੇ ਦੋ ਮਹਾਨ ਨਗਰ ਕੀਰਤਨ ਹਰ ਸਾਲ ਸਜਾਏ ਜਾਂਦੇ ਹਨ| ਇਨ੍ਹਾਂ ਨਗਰ ਕੀਰਤਨਾਂ ਦਾ ਬੜਾ ਹੀ ਪ੍ਰਭਾਵਿਤ ਪਿਛੋਕੜ ਹੈ | ਆਓ ਇਸ ਨੂੰ ਜਾਣ ਕੇ ਲਾਭ ਲਈਏ |

੨੦ਵੀਂ ਸਦੀ ਦੇ ਆਰੰਭ ਵਿਚ ਸਿੱਖ ਧਰਮ ਦੇ ਹਾਲਾਤ

ਇਨ੍ਹਾਂ ਦੋਹਾਂ ਨਗਰ ਕੀਰਤਨਾਂ ਦਾ ਆਰੰਭ ਸੰਨ ੧੯੨੮ ਈ. ਵਿਚ ਹੋਇਆ ਸੀ | ਉਸ ਸਮੇਂ ਅੰਗਰੇਜ਼ ਹਕੂਮਤ ਅਤੇ ਸਿੱਖ ਧਰਮ ਵਿਰੋਧੀ ਤਾਕਤਾਂ, ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਤੇ ਵਿਰਸੇ ਤੋਂ ਭਟਕਾ ਕੇ ਕੁਰਾਹੇ ਪਾ ਰਹੀਆਂ ਸਨ | ਗੁਰੂਦਵਾਰਿਆਂ ਵਿਖੇ ਟਾਂਵੇ ਟਾਂਵੇ ਨੌਜਵਾਨ ਹੀ ਨਜ਼ਰ ਆਉਂਦੇ ਸਨ | ਰਾਗੀ ਅਤੇ ਪ੍ਰਚਾਰਕਾਂ ਦੀ ਕਮੀ ਹੋਣ ਕਰਕੇ ਗੁਰੂ ਘਰ ਦੀ ਸੰਗਤ ਘੱਟ ਹੀ ਜੁੜਦੀ ਸੀ | ਸਿੱਖ ਬੱਚੇ ਸਿੱਖ ਧਰਮ ਨੂੰ ਛੱਡ ਕੇ ਮਨਮੱਤ ਦੇ ਅਧੀਨ ਪਤਿਤ ਹੁੰਦੇ ਜਾ ਰਹੇ ਸਨ | ਸਿੱਖ ਮਰਿਆਦਾ ਅਤੇ ਨੈਤਿਕਤਾ ਦਿਨੋਂ ਦਿਨ ਨਸ਼ਟ ਹੋ ਰਹੀ ਸੀ | ਇਨ੍ਹਾਂ ਉੱਤੇ ਅਸਰ ਪਾਉਣ ਵਾਲਾ ਕੋਈ ਨਹੀਂ ਸੀ ਲਭਦਾ | ਭਾਈ ਗੁਰਦਾਸ ਜੀ ਦੀ ਕਥਨੀ ਕੇ 'ਕਲਿਜੁਗਿ ਧੁੰਧੂਕਾਰ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੈ' ਪੂਰੀ ਢੁਕਦੀ ਸੀ |

ਉੱਘੇ ਸਿੱਖਾਂ ਦੀ ਗੋਸ਼ਟੀ

ਉਸ ਵੇਲੇ ਦੀਆਂ ਸਿੱਖ ਰਿਆਸਤਾਂ ਦੇ ਰਾਜਿਆਂ, ਸਿੱਖ ਸਰਦਾਰਾਂ, ਮਜੀਠੀਏ ਵਾਲੇ ਅਤੇ ਹੋਰ ਪੰਥ ਦਰਦੀਆਂ ਨੂੰ ਇਨ੍ਹਾਂ ਸਾਰੇ ਅਫਸੋਸਨਾਕ ਹਾਲਾਤਾਂ ਦੀ ਚਿੰਤਾ ਹੋਈ| ਇਨ੍ਹਾਂ ਨੇ ਇਕ ਸਾਂਝੀ ਇਕੱਤਰਤਾ ਦੋਆਬੇ ਵਿਚ ਰੱਖੀ| ਇਸ ਇਤਿਹਾਸਕ ਇਕੱਠ ਵਿਚ ਸਿੱਖ ਧਰਮ ਦੇ ਦੁਰਲੱਭ ਵਿਰਸੇ ਨੂੰ ਸੰਭਾਲਣ ਅਤੇ ਸਿੱਖ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਨ ਬਾਰੇ ਬਹੁਤ ਲੰਬੀ ਤੇ ਡੂੰਘੀ ਵਿਚਾਰ ਕਿੱਤੀ ਗਈ| ਸਭ ਹਾਜ਼ਰ ਰਾਜਿਆਂ, ਸਰਦਾਰਾਂ ਅਤੇ ਪੰਥ ਦਰਦੀਆਂ ਨੇ ਸਰਬਸੰਮਤੀ ਨਾਲ ਹੇਠ ਲਿਖੇ ਫੈਸਲੇ ਕਿੱਤੇ:-

1. ਸਾਰਿਆਂ ਦੇ ਸਾਂਝੇ ਤੇ ਹਰਮਨ ਪਿਆਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ-ਪਵਿੱਤਰ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਜਲੰਧਰ ਸ਼ਹਿਰ ਵਿਖੇ ਨਗਰ ਕੀਰਤਨ ਸਜਾਏ ਜਾਣ|
2. ਸਿੱਖਾਂ ਦੇ ਅਮੀਰ ਵਿਰਸੇ ਨੂੰ ਉਜਾਗਰ ਕਰਨ ਲਈ ਸਾਰੀਆਂ ਸੰਗਤਾਂ ਨਗਰ ਕੀਰਤਨ ਵਿਚ ਸ਼ਾਮਿਲ ਹੋਣ| ਕੇਵਲ ਜਲੰਧਰ ਸ਼ਹਿਰ ਹੀ ਨਹੀਂ ਸਗੋਂ ਜਲੰਧਰ ਇਲਾਕੇ ਦੇ ਪਿੰਡਾਂ, ਕਸਬਿਆਂ ਦੀ ਸੰਗਤ ਵੀ ਸ਼ਾਮਿਲ ਹੋ ਕੇ ਗੁਰੂ ਦੇ ਜਸ ਮਾਨਣ|
3. ਰਾਗੀ, ਢਾਡੀ ਅਤੇ ਪ੍ਰਚਾਰਕ, ਜੋ ਸਿੱਖੀ ਪ੍ਰਚਾਰ ਦੇ ਮੁੱਢ ਹਨ, ਇਨ੍ਹਾਂ ਨਗਰ ਕੀਰਤਨਾਂ ਵਿਚ ਸਿੱਖ ਧਰਮ, ਸਿੱਖੀ ਦੇ ਗੌਰਵਮਈ ਇਤਿਹਾਸ ਅਤੇ ਗੁਰਬਾਣੀ ਦਾ ਪ੍ਰਚਾਰ ਕਰਨ|
4. ਸਕੂਲਾਂ ਦੇ ਬੱਚਿਆਂ ਵਿਚ ਸਿੱਖੀ ਉਜਾਗਰ ਰੱਖਣ ਲਈ ਉਨ੍ਹਾਂ ਨੂੰ ਨਗਰ ਕੀਰਤਨਾਂ ਦਾ ਹਿੱਸਾ ਬਣਾਇਆ ਜਾਵੇ|
5. ਪੰਜ ਪਿਆਰੇ, ਪੰਜ ਨਿਸ਼ਾਨ ਸਾਹਿਬ, ਨਗਾਰੇ, ਬੈਂਡ-ਬਾਜੇ, ਹਾਥੀ ਅਤੇ ਘੋੜੇ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਣ|
6. ਦੁਆਬੇ ਦੇ ਸਾਰੇ ਸਿੱਖ ਪਤਵੰਤੇ ਸੱਜਣ ਨਗਰ ਕੀਰਤਨ ਵਿਚ ਹਾਜ਼ਰ ਰਹਿਣ ਤਾਂ ਜੋ ਉਨ੍ਹਾਂ ਕੋਲੋਂ ਦੂਸਰੇ ਪ੍ਰੇਰਨਾ ਲੈ ਸਕਣ|
7. ਨਗਰ ਕੀਰਤਨ ਨੂੰ ਜਲੰਧਰ ਸ਼ਹਿਰ ਦੇ ਬਾਜ਼ਾਰਾਂ ਵਿਚ ਸ਼ਬਦ ਗਾਇਣ

ਸਭ ਤੋਂ ਵੱਡਾ ਫੈਸਲਾ ਇਹ ਹੋਇਆ ਕਿ ਨਗਰ ਕੀਰਤਨ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ| ਨਗਰ ਕਿਰਤਾਂ ਇਕ ਸੇਵਾ ਹੈ ਜੋ ਸਿੱਖੀ ਨੂੰ ਨਵਜੀਵਨ ਦੇ ਸਕਦੀ ਹੈ| ਕਿਉਂ ਜੋ ਇਹ ਸੇਵਾ ਤੇ ਉਸ ਦਾ ਪ੍ਰਭਾਵ ਪੈਣ ਦਾ ਆਮ ਮਨੁੱਖ ਦੇ ਵਸ ਨਹੀਂ, ਇਸ ਲਈ ਕਿਸੇ ਤਿਆਗੀ ਬ੍ਰਹਮ ਗਿਆਨੀ ਮਹਾਂਪੁਰਖ ਨੂੰ ਨਗਰ ਕੀਰਤਨ ਦੇ ਸਰਪ੍ਰਸਤੀ ਸੋਂਪੀ ਜਾਵੇ| ਗੁਰੂ ਸਾਹਿਬ ਦਾ ਫੁਰਮਾਣ ਹੈ:

ਆਪਹੁ ਕਛੁ ਨ ਹੋਇ ਪ੍ਰਭ ਨਦਰਿ ਨਿਹਾਲੀਐ ||
ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ||

ਨਗਰ ਕੀਰਤਨ ਨੂੰ ਇਕ ਜਾਂ ਦੋ ਵਾਰੀ ਕਰਨਾ ਤਾਂ ਸੌਖਾ ਸੀ ਪਰ ਸਾਰਿਆਂ ਨੇ ਇਸ ਰੀਤ ਦਾ ਸਿਲਸਿਲਾ ਹਮੇਸ਼ਾ ਵਾਸਤੇ ਜਾਰੀ ਰੱਖਣ ਦੀ ਸੋਚੀ | ਉਸ ਸਮੇਂ ਨਿਰਮਲ ਕੁਟੀਆ ਜੋਹਲਾਂ ਦੇ ਪੂਰਨ ਬ੍ਰਹਮ ਗਿਆਨੀ ਸ੍ਰੀਮਾਨ ੧੦੮ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ 'ਨਿਰਮਲੇ" (ਸੰਪ੍ਰਦਾਇ ਹੋਤੀ ਮਰਦਾਨ) ਦੋਆਬੇ ਵਿਚ ਗੁਰਸਿੱਖੀ ਪ੍ਰਚਾਰ ਤੇ ਅੰਮ੍ਰਿਤ ਪਾਨ ਕਰਾਉਣ ਦੀ ਮਹਾਨ ਤੇ ਅਦੁਤੀ ਸੇਵਾ ਕਰ ਰਹੇ ਸਨ| ਸੰਤ ਮਹਾਰਾਜ ਜੀ ਦੇ ਅਨੁਸ਼ਾਸਨ ਤੇ ਸਿੱਖੀ ਮਰਿਆਦਾ ਦਾ ਇਸ ਮੀਟਿੰਗ ਵਿਚ ਜ਼ਿਕਰ ਹੋਇਆ| ਇਸ ਤਹਿਤ ਕੁਝ ਸਿੱਖ ਸਰਦਾਰਾਂ ਅਤੇ ਮਹਾਰਾਜਾ ਕਪੂਰਥਲਾ ਨੇ ਸੁਝਾਅ ਰੱਖਿਆ ਕਿ ਜੇਕਰ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਨਗਰ ਕੀਰਤਨ ਨੂੰ ਸੰਭਾਲਣ ਦੀ ਸੇਵਾ ਲਈ ਆਪਣੀ ਪ੍ਰਵਾਨਗੀ ਦੇ ਦੇਣ ਤਾਂ ਇਹ ਨਗਰ ਕੀਰਤਨ ਹਮੇਸ਼ਾ ਵਾਸਤੇ ਅਮਰ ਰਹਿ ਸਕਦੇ ਹਨ| ਇਸ ਸੁਝਾਅ ਨੂੰ ਸਬਸਮਤੀ ਨਾਲ ਪ੍ਰਵਾਨ ਕੀਤਾ ਗਿਆ| ਫੈਸਲਾ ਹੋਇਆ ਕਿ ਪੰਜ ਸਿੰਘ ਇਸ ਬਾਰੇ ਸੰਤ ਬਾਬਾ ਜੀ ਦੀ ਕੁਟੀਆ ਜਾ ਕੇ ਉਨ੍ਹਾਂ ਨੂੰ ਵਿਸਥਾਰ ਨਾਲ ਪਿਛੋਕੜ ਦਸਣਗੇ, ਮੀਟਿੰਗ ਦੀ ਕਾਰਵਾਈ ਸੁਣਾਉਣਗੇ ਤੇ ਨਗਰ ਕੀਰਤਨ ਦੀ ਸਮੁੱਚੀ ਦੇਖ-ਰੇਖ ਕਰਨ ਲਈ ਬੇਨਤੀ ਕਰਨਗੇ| ਪੰਜਾਂ ਸਿੰਘਾਂ ਦੀ ਚੋਣ ਕੀਤੀ ਗਈ ਤੇ ਉਨ੍ਹਾਂ ਨੂੰ ਸਾਰੀ ਗੱਲ੍ਹ ਸਮਝਾ ਕੇ ਨਿਰਮਲ ਕੁਟੀਆ ਜੋਹਲਾਂ ਭੇਜਿਆ ਗਿਆ|

ਚੁਣੇ ਹੋਏ ਪੰਜ ਸਿੰਘਾਂ ਦੀ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਅੱਗੇ ਬੇਨਤੀ

ਪੰਜ ਸਿੱਖਾਂ ਦਾ ਇਹ ਜੱਥਾ ਨਿਰਮਲ ਕੁਟੀਆ ਜੋਹਲਾਂ ਵਿਖੇ ਪਹੁੰਚਿਆ | ਮਹਾਪੁਰਖਾਂ ਨੇ ਪੰਜਾਂ ਸਿੰਘਾਂ ਦੀ ਵਾਰਤਾ ਬੜੇ ਧਿਆਨ ਨਾਲ ਸੁਣੀ ਤੇ ਬਚਨ ਕੀਤਾ, "ਜੋ ਸਿੱਖ-ਪੰਥ ਸਾਡੀ ਸੇਵ ਲਾਵੇਗਾ, ਅਕਾਲ ਪੁਰਖ ਦੀ ਕਿਰਪਾ ਨਾਲ ਅਸੀਂ ਨਿਭਾਵਾਂਗੇ" |

ਪੰਜਾਂ ਸਿੰਘਾਂ ਨੇ ਇਹ ਸੋਣੀ ਸੂ ਸਾਰੇ ਸਿੱਖ ਪੰਥ ਦੇ ਆਗੂ ਤੇ ਰਾਜੇ-ਮਹਾਰਾਜਿਆਂ ਨੇ ਸੁਣੀ ਤਾਂ ਸਭ ਨੇ ਜੈਕਾਰੇ ਛੱਡ ਕੇ ਖੁਸ਼ੀ ਮਨਾਈ | ਰਿਆਸਤ ਕਪੂਰਥਲਾ ਦੇ ਮਹਾਰਾਜਾ ਜਗਜੀਤ ਸਿੰਘ ਜੀ ਅਤੇ ਉਹਨਾਂ ਦਾ ਸਾਰਾ ਰਾਜ ਘਰਾਣਾ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਬਸੰਤ ਸਿੰਘ ਜੀ ਦੇ ਸ਼ਰਧਾਲੂ ਸਨ ਅਤੇ ਸਮੇਂ ਸਮੇਂ ਨਿਰਮਲ ਕੁਟੀਆ ਜੋਹਲਾਂ ਵਿਖੇ ਦਰਸ਼ਨ ਕਰਨ ਲਈ ਆਉਂਦੇ ਸਨ| ਮਹਾਰਾਜਾ ਜਗਜੀਤ ਸਿੰਘ ਨੇ ਨਗਰ ਕੀਰਤਨ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਸਵਾਰੀ ਲਈ ਆਪਣਾ ਸ਼ਾਹੀ ਹਾਥੀ ਸੋਨੇ ਦੀ ਪਾਲਕੀ ਸਮੇਤ ਭੇਜਣ ਦਾ ਬਚਨ ਦਿੱਤਾ |

ਨਗਰ ਕੀਰਤਨਾਂ ਦਾ ਆਰੰਭ

ਸਭ ਤੋਂ ਪਹਿਲਾਂ ਨਗਰ ਕੀਰਤਨ ਜਲੰਧਰ ਸ਼ਹਿਰ ਵਿਚ ਸੰਨ ੧੯੨੮ ਈ. ਨੂੰ ਸਜਾਇਆ ਗਿਆ | ਸ੍ਰੀਮਾਨ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਨੇ ਨਗਰ ਕੀਰਤਨ ਦੀ ਸਫਲਤਾ ਸੰਬੰਧੀ ਹੇਠਲੇ ਕਰਮ ਚੁੱਕੇ:

1. ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਤੋਂ ਸੱਤ ਦਿਨ ਪਹਿਲਾਂ ਮਹਾਂਪੁਰਖ਼ ਦੋਆਬਾ ਹਾਈ ਸਕੂਲ ਲਾਡੋਵਾਲੀ ਰੋਡ ਜਲੰਧਰ ਸ਼ਹਿਰ ਪਹੁੰਚੇ | ਆਪ ਜੀ ਦੇ ਨਾਲ ਸਨ ਕਈ ਰਾਗੀ, ਢਾਡੀ, ਬੈਂਡ-ਬਾਜੇ ਅਤੇ ਪ੍ਰਚਾਰਕ | ਕੁਟੀਆ ਦੀ ਬੇਅੰਤ ਸੰਗਤ ਵੀ ਨਾਲ ਸੀ |
2. ਸਕੂਲ ਵਿਚ ਦੀਵਾਨ ਸਜਾਉਣ ਦੀ ਤਿਆਰੀ ਕੀਤੀ ਗਈ | ਸਵੇਰੇ ਸ਼ਾਮ ਦੀਵਾਨ ਵਿਚ ਰਾਗੀ ਕੀਰਤਨ ਕਰਦੇ, ਢਾਡੀ ਸੂਰਬੀਰਾਂ ਸੀ ਵਾਰਾਂ ਸੁਣਾਉਂਦੇ ਤੇ ਪ੍ਰਚਾਰਕ ਗੁਰਮੱਤ ਗਿਆਨ ਦੀ ਸੋਝੀ ਦੇਂਦੇ|
3. ਨਗਰ ਕੀਰਤਨ ਦੇ ਦੋ ਦਿਨ ਪਹਿਲਾਂ ਸਤਿਗੁਰੂ ਸਾਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਨਾ ਜ਼ਰੂਰੀ ਸੀ | ਕਿਉਂ ਜੋ ਗੁਰਬਾਣੀ ਦਾ ਫਰਮਾਣ ਹੈ:

ਕਰਿ ਕਿਰਪਾ ਪ੍ਰਭ ਦੀਨ ਦਇਆਲਾ || ਤੇਰੀ ਓਟ ਪੂਰਨ ਗੋਪਾਲਾ ||੧| ਰਹਾਉ || (ਪੰਨਾ ੫੬੩)

ਮਹਾਪੁਰਖਾਂ ਨੇ ਗੁਰੂ ਸਾਹਿਬ ਦੀ ਓਟ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ |

1. ਨਗਰ ਕੀਰਤਨ ਵਾਲੇ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ |
2. ਭੋਗ ਦੇ ਬਾਅਦ, ਅਰਦਾਸ ਮਗਰੋਂ ਨਗਰ ਕੀਰਤਨ ਆਰੰਭ ਕੀਤਾ ਗਿਆ |
3. ਆਲੇ ਦੁਆਲੇ ਦੇ ਪਿੰਡਾਂ ਤੋਂ ੧੦੦-੧੫੦ ਗੱਡੇ ਬੱਲਦਾਂ ਵਾਲੇ ਮਹਾਪੁਰਖਾਂ ਦੇ ਸ਼ਰਧਾਲੂ, ਉਨ੍ਹਾਂ ਦੇ ਹੁਕਮ ਅਨੁਸਾਰ ਨਗਰ ਕੀਰਤਨ ਵਿਚ ਸ਼ਾਮਿਲ ਹੋਏ | ਰਾਗੀ ਤੇ ਢਾਡੀ ਗੱਡਿਆਂ ਤੇ ਸੱਜ ਗਏ ਤੇ ਆਪਣਾ ਕੀਰਤਨ ਆਰੰਭ ਕਰ ਦਿੱਤਾ |
4. ਕਪੂਰਥਲਾ ਦੇ ਸ਼ਾਹੀ ਹਾਥੀ ਤੇ ਸੋਨੇ ਦੀ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਜਾਏ ਗਏ |
5. ਪੰਜ ਪਿਆਰੇ, ਪੰਜ ਨਿਸ਼ਾਨ ਸਾਹਿਬ, ਦੋ ਚਾਂਦੀ ਦੀਆਂ ਤੇ ਦੋ ਵੱਡੇ ਨਿਸ਼ਾਨ ਸਾਹਿਬ, ਜੋ ਨਿਰਮਲ ਕੁਟੀਆ ਜੋਹਲਾਂ ਤੋਂ ਨਾਲ ਆਏ ਸਨ ਨਗਰ ਕੀਰਤਨ ਵਿਚ ਹਾਥੀ ਦੇ ਅੱਗੇ ਚੱਲ ਰਹੇ ਸਨ |
6. ਇਹ ਨਗਰ ਕੀਰਤਨ ਸਾਰੇ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਦੋਆਬਾ ਖਾਲਸਾ ਹਾਈ ਸਕੂਲ ਵਿਖੇ ਸਮਾਪਤ ਹੋਇਆ |

ਸੰਗਤਾਂ ਦੀ ਖੁਸ਼ੀ ਲਈ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਾਬਿਆ ਸੱਜ ਕੇ ਚੌਰ ਸਾਹਿਬ ਦੀ ਸੇਵਾ ਨਿਭਾਈ | ਨਗਾਰਿਆਂ ਦੀਆਂ ਚੋਟਾਂ, ਕੀਰਤਨ ਦੀਆਂ ਸੁਰੀਲੀਆਂ ਅਵਾਜ਼ਾਂ ਤੇ ਬੈਂਡ ਬਾਜਿਆਂ ਦੀਆਂ ਧੁੰਨਾਂ ਨਾਲ ਸਾਰਾ ਵਾਤਾਵਰਨ ਗੂੰਜ ਉਠਿਆ | ਜਲੰਧਰ ਵਾਸੀਆਂ ਲਈ ਇਹ ਇਕ ਆਲੌਕਿਕ ਨਜ਼ਾਰਾ ਸੀ | ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਦੇ ਰਹਿਨੁਮਾਈ ਹੇਠ ਸਿੱਖੀ ਦੀ ਜੈ-ਜੈਕਾਰ ਵਿਚ ਜਾਗ੍ਰਿਤ ਹੁੰਦੀ ਦਿਖਾਈ ਦਿੱਤੀ |

ਇਸ ਨਗਰ ਕੀਰਤਨ ਦੀ ਸਾਰੀ ਵਿਉਂਤਬੰਦੀ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਨੇ ਬਣਾਈ ਤੇ ਸੰਗਤ ਨੇ ਸਾਥ ਦੇ ਕੇ ਪੂਰਨ ਤੌਰ ਤੇ ਨਿਭਾਈ | ਸੰਗਤ ਨੇ ਤਾਂ ਇਸ ਦੀ ਸ਼ਲਾਂਘਾ ਕੀਤੀ ਨਾਲ ਹੀ ਸਿੱਖਾਂ ਸਰਦਾਰਾਂ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਹਾਰਾ ਲਿਆ ਸੀ ਨੇ ਸ਼ੁਕਰ ਮਨਾਇਆ| ਉਨ੍ਹਾਂ ਲਈ ਇਹ ਸਿੱਖ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਦਾ ਪਹਿਲਾ ਕਦਮ ਸੀ |

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਤੇ ਵੀ ਸੰਤ ਬਾਬਾ ਬਸੰਤ ਸਿੰਘ ਜੀ ਮਾਹਰਾਜ ਵਲੋਂ ਦੀਵਾਨ ਸਜਾਏ ਗਏ ਅਤੇ ਸ੍ਰੀ ਅਖੰਡ ਸਾਹਿਬ ਦੇ ਪਾਠ ਰੱਖੇ ਗਏ | ਨਗਰ ਕੀਰਤਨ ਦੋਆਬਾ ਸਕੂਲ ਤੋਂ ਹੀ ਆਰੰਭ ਹੋ ਕੇ ਉਥੇ ਹੀ ਸਮਾਪਤ ਕੀਤਾ ਗਿਆ |

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੋਨੇ ਦੀ ਹੁੰਦੀ | ਧੰਨ ਧੰਨ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਚਾਂਦੀ ਦੀ ਹੁੰਦੀ |

ਨਗਰ ਕੀਰਤਨਾਂ ਦਾ ਅਸਰ

ਹਰ ਗੁਰਪੁਰਬ ਤੇ ਸਿੱਖੀ ਮਰਿਆਦਾ ਦੇ ਪਾਲਣ ਦਾ ਪੂਰਾ ਧਿਆਨ ਦਿੱਤਾ ਜਾਂਦਾ ਸੀ | ਪਿੰਡਾਂ ਸ਼ਹਿਰਾਂ ਦੀ ਸੰਗਤ ਇਸ ਦਿਵਸ ਦਾ ਹਮੇਸ਼ਾ ਇੰਤਜ਼ਾਰ ਕਰਦੀ | ਹੌਲੀ ਹੌਲੀ ਨਗਰ ਕੀਰਤਨ ਦੀ ਰੌਣਕ ਨੂੰ ਵੇਖਣ ਵਾਸਤੇ ਨਾਲ ਦੇ ਸ਼ਹਿਰਾਂ ਦੇ ਲੋਕ ਵੀ ਆਉਣੇ ਸ਼ੁਰੂ ਹੋ ਗਏ |

ਸਕੂਲ ਦੇ ਬੱਚੇ, ਖਾਲਸੇ ਦੇ ਸੋਹਣੇ ਸਰੂਪ ਵਿਚ, ਮਾਂ ਬਾਪ ਦਾ ਦਿਲ ਤੇ ਮੋਹ ਹੀ ਲੈਂਦੇ ਸਨ ਪਰ ਇਨ੍ਹਾਂ ਨੂੰ ਵੇਖਣ ਲਈ ਹੋਰ ਮਾਂ ਬਾਪ ਆਪਣੇ ਬੱਚਿਆਂ ਨੂੰ ਉਚੇਚਾ ਲਈ ਕੇ ਆਉਂਦੇ| ਥਾਂ ਥਾਂ ਤੇ ਪਰਵਾਰ ਇਕੱਠੇ ਹੋ ਕੇ ਸੰਗਤ ਦੇ ਛਕਣ ਲਈ ਲੰਗਰ, ਚਾਹ, ਠੰਡਾ ਆਦਿ ਕਈ ਵਸਤੂਆਂ ਦੇ ਸਟਾਲ ਲਾਗਾਉਂਦੇ | ਪਰਵਾਰਾਂ ਦੇ ਪਰਵਾਰ ਸੜਕ ਦੇ ਦੋਨੋ ਪਾਸੇ ਖੜੇ ਹੋ ਕੇ ਬਾਣੀ ਦਾ ਆਨੰਦ ਲੈਂਦੇ ਤੇ ਪਾਲਕੀ ਸਾਹਿਬ ਦੇ ਆਉਣ ਦੇ ਉਡੀਕ ਕਰਦੇ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅੱਗੇ ਨਕ ਮਸਤਕ ਹੁੰਦੇ ਤੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਦੇ |

ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਨੀ ਦੀਵਾਨਾਂ ਦੌਰਾਨ ਸਕੂਲ ਵਿਚ ਹੀ ਪ੍ਰਚਾਰਕਾਂ ਦੁਆਰਾ ਪ੍ਰੇਰਿਤ ਸੱਜਣਾਂ ਨੂੰ ਅੰਮ੍ਰਿਤ ਪਾਨ ਕਰਵਾਉਣਾ ਆਰੰਭ ਕਰ ਦਿੱਤਾ | ਸੰਤ ਮਹਾਰਾਜ ਦਾ ਪ੍ਰਭਾਵ ਐਸਾ ਪਿਆ ਕਿ ਦੋਆਬਾ ਸਕੂਲ ਦੇ ਸਾਰੇ ਅਧਿਆਪਕ ਅਮ੍ਰਿਤਧਾਰੀ ਹੋ ਗਏ | ਮਹਾਪੁਰਖਾਂ ਦੇ ਉੱਦਮ ਤੇ ਬਖਸ਼ਿਸ਼ ਸਦਕਾ ਦੱਸਵੀਂ ਜਮਾਤ ਪਾਸ ਕਰਨ ਵਾਲੇ ਸਭ ਸਿੱਖ ਬੱਚਿਆਂ ਨੂੰ ਸਕੂਲ ਛੱਡਣ ਤੋਂ ਪਹਿਲਾਂ ਖੰਡੇ-ਬਾਟੇ ਦਾ ਅਮ੍ਰਿਤਪਾਨ ਕਰਵਾਇਆ ਜਾਂਦਾ | ਇਨ੍ਹਾਂ ਵਿਦਿਆਰਥੀਆਂ ਵਿਚ ਹੀ ਕੁਝ ਨਾਮ ਹਨ ਜਿਨ੍ਹਾਂ ਨੇ ਸਿੱਖ ਪੰਥ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ | ਸਰਦਾਰ ਅਮਰ ਸਿੰਘ ਜੀ ਦੁਸਾਂਝ, ਗਿਆਨੀ ਸ਼ਾਦੀ ਸਿੰਘ ਜੀ (ਅਕਾਲੀ ਪੱਤ੍ਰਿਕਾ), ਸਰਦਾਰ ਗੁਰਬਚਨ ਸਿੰਘ ਜੀ ਖੇੜਾ ਆਦਿ ਹੋਰ ਵੀ ਬਹੁਤ ਸਾਰੇ ਪੰਥ ਪ੍ਰਸਿੱਧ ਵਿਦਿਆਰਥੀ ਹੋਏ ਹਨ |

ਹਰਿ ਕੀਰਤਨ ਮਹਿ ਉਤਮ ਧੁਨਾ ||
ਨਾਨਕ ਗੁਰ ਮਿਲਿ ਗਾਇ ਗੁਨਾ ||੪||੮|| (ਪੰਨਾ ੧੧੮੨)

ਜਲੰਧਰ ਨਗਰ ਕੀਰਤਨ ਕਮੇਟੀ ਦੁਆਰਾ ਸਤਿਕਾਰ ਵਜੋਂ ਹਾਥੀ ਭੇਜਣਾ

ਜਲੰਧਰ ਸ਼ਹਿਰ ਵਿਖੇ ਨਗਰ ਕੀਰਤਨਾਂ ਦੇ ਸਮੇਂ, ਮਹਾਰਾਜਾ ਕਪੂਰਥਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਇਕ ਹਾਥੀ ਨੂੰ ਸਜਾ ਕੇ ਭੇਜਦੇ ਸਨ | ਚੌਰ ਸਾਹਿਬ ਦੀ ਸੇਵਾ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਕਰਦੇ ਸਨ |

ਇਕ ਵਾਰੀ ਨਗਰ ਕੀਰਤਨ ਦੇ ਸਮੇਂ ਜਲੰਧਰ ਸ਼ਹਿਰ ਦੀ ਕਮੇਟੀ ਦੇ ਮੈਂਬਰਾਂ ਨੇ ਵਿਚਾਰ ਕੀਤਾ ਕਿ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਦੀ ਰਹਿਨੁਮਾਈ ਸਦਕਾ ਜਲੰਧਰ ਸ਼ਹਿਰ ਵਿਚ ਸਿੱਖੀ ਦਾ ਬੋਲ ਬਾਲਾ ਹੋਇਆ ਹੈ | ਨੌਜਵਾਨ ਸਿੱਖ ਬੱਚੇ ਗੁਰੂ ਘਰ ਨਾਲ ਜੁੜੇ ਹਨ ਅਤੇ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ | ਕਮੇਟੀ ਦੇ ਮੈਂਬਰ ਉਸ ਸਮੇਂ ਨੂੰ ਯਾਦ ਕਰ ਕੇ ਘਬਰਾਉਂਦੇ ਸਨ ਜਦੋਂ ਸਿੱਖੀ ਵਿਚ ਪੂਰਨ ਨੌਜਵਾਨ ਘੱਟ ਨਜ਼ਰ ਆਉਂਦੇ ਸਨ | ਨਗਰ ਕੀਰਤਨ ਵਿਚ ਮਹਾਪੁਰਖਾਂ ਦੀ ਹਾਜ਼ਰੀ ਕਰਕੇ ਕੀਰਤਨੀਏ ਅਤੇ ਕਥਾਕਾਰ ਵਧਦੇ ਜਾ ਰਹੇ ਸਨ | ਇਸ ਵਿਚਾਰ ਦੌਰਾਨ ਤੈ ਕੀਤਾ ਗਿਆ ਕਿ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਦੀ ਇਸ ਅਦੁਤੀ ਸੇਵਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਪੂਰੇ ਸਤਿਕਾਰ ਨਾਲ ਡੇਰੇ ਤੋਂ ਲਿਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ |

ਫੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲੇ ਹਾਥੀ ਜਿਸ ਉੱਤੇ ਸੱਜ ਕੇ ਸੰਤ ਬਾਬਾ ਜੀ ਚੌਰ ਦੀ ਸੇਵਾ ਕਰਦੇ ਹਨ, ਉਸਨੂੰ ਇਕ ਦਿਨ ਪਹਿਲਾ ਡੇਰੇ ਭੇਜ ਦਿੱਤਾ ਜਾਵੇ ਤਾਂ ਜੋ ਸੰਤ ਬਾਬਾ ਜੀ ਤੇ ਉਸ ਤੇ ਅਗਲੇ ਦਿਨ ਸਵਾਰ ਹੋ ਕੇ ਨਗਰ ਕੀਰਤਨ ਵਿਚ ਸ਼ਾਮਿਲ ਹੋਣ |

ਮਹਾਰਾਜਾ ਕਪੂਰਥਲਾ ਨੂੰ ਇਸ ਬਾਰੇ ਸੁਨੇਹਾ ਭੇਜ ਦਿੱਤਾ ਗਿਆ ਤੇ ਉਥੋਂ ਹਾਥੀ ਇਕ ਦਿਨ ਪਹਿਲਾਂ ਮੰਗਵਾ ਲਿਆ ਗਿਆ | ਉਸ ਦਿਨ ਸ਼ਾਮ ਨੂੰ ਮਹਾਵਤ ਤੇ ਹਾਥੀ ਨੂੰ ਡੇਰੇ ਭੇਜ ਦਿੱਤਾ ਗਿਆ| ਮਹਾਵਤ ਨੂੰ ਕਮੇਟੀ ਦੇ ਮੈਂਬਰਾ ਨੇ ਸਮਝਾਇਆ ਕਿ ਸੰਤ ਬਾਬਾ ਜੀ ਨੂੰ ਸਵੇਰੇ ਹਾਥੀ ਤੇ ਸਜਾ ਕੇ ਸੰਗਤਾਂ ਸਮੇਤ ਬੜੇ ਆਦਰ ਸਤਿਕਾਰ ਨਾਲ ਲੈ ਕੇ ਆਉਣਾ ਚਾਹੀਦਾ ਹੈ |

ਹਾਥੀ ਜਦੋਂ ਡੇਰੇ ਪਹੁੰਚਿਆ ਤਾਂ ਸੰਤ ਬਾਬਾ ਜੀ ਨੂੰ ਇਸ ਦੀ ਖਬਰ ਕੀਤੀ ਗਈ| ਸੰਤ ਬਾਬਾ ਜੀ ਨੇ ਕਿਹਾ, "ਅਸੀਂ ਤਾਂ ਹਾਥੀ ਮੰਗਵਾਇਆ ਨਹੀਂ"|

ਸੇਵਾਦਾਰ ਨੇ ਦਸਿਆ ਕੇ ਮਹਾਵਤ ਨੂੰ ਜਲੰਧਰ ਸ਼ਹਿਰ ਕਮੇਟੀ ਦੇ ਪ੍ਰਧਾਨ ਨੇ ਆਪ ਨੂੰ ਨਗਰ ਕੀਰਤਨ ਦੀ ਹਾਜ਼ਰੀ ਲਈ ਹਾਥੀ ਤੇ ਲਿਆਉਣ ਲਈ ਭੇਜਿਆ ਹੈ |

ਸੰਤ ਬਾਬਾ ਜੀ ਨੇ ਮਹਾਵਤ ਨੂੰ ਬੁਲਵਾਇਆ ਤੇ ਉਸ ਨੂੰ ਹਾਥੀ ਵਾਪਸ ਲਿਜਾਉਣ ਲਈ ਕਿਹਾ | ਸੰਤ ਬਾਬਾ ਜੀ ਨੇ ਉਸ ਨੂੰ ਕਿਹਾ ਕੇ ਕੱਲ ਨਗਰ ਕੀਰਤਨ ਦੀ ਹਾਜ਼ਰੀ ਭਰਨ ਲਈ ਉਹ ਆਪ ਹੀ ਸ਼ਹਿਰ ਪਹੁੰਚ ਜਾਣਗੇ |

ਜਦ ਮਹਾਵਤ ਹਾਥੀ ਵਾਪਸ ਲੈ ਜਾਣ ਲਈ ਨਾ ਮੰਨਿਆ ਤਾਂ ਸੰਤ ਬਾਬਾ ਜੀ ਨੇ ਉਸ ਸਲਾਹ ਦਿੱਤੀ ਕਿ ਰਾਤ ਨੂੰ ਹਾਥੀ ਨੂੰ ਸੰਗਲ ਨਾਲ ਬੰਨ੍ਹ ਕੇ ਰੱਖੇ ਤੇ ਰਾਤ ਭਰ ਉਸਦੀ ਨਿਗਰਾਨੀ ਵੀ ਕਰਦਾ ਰਹੇ |

ਸਾਰਾ ਦਿਨ ਦੇ ਥਕੇਵੇਂ ਕਾਰਨ ਮਹਾਵਤ ਗੂੜੀ ਨੀਂਦ ਸੋ ਗਿਆ | ਰਾਤੀਂ ਹਾਥੀ ਨੇ ਸੰਗਲ ਤੋੜ ਲਿਆ ਅਤੇ ਰਾਤੋਂ ਰਾਤ ਉਥੋਂ ਭੱਜ ਕੇ ਕਪੂਰਥਲੇ ਤੋਂ ਜਲੰਧਰ ਪਹੁੰਚ ਗਿਆ| ਸੰਤ ਬਾਬਾ ਜੀ ਨੇ ਸੰਗਤ ਤੇ ਕਮੇਟੀ ਦੇ ਮੈਂਬਰਾ ਨੂੰ ਤਾੜਨਾ ਕਰਦਿਆਂ ਕਿਹਾ, "ਨਗਰ ਕੀਰਤਨ ਵਿਚ ਹਾਥੀ ਦੇ ਸੇਵਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵਾਰੀ ਲਈ ਹੁੰਦੀ ਹੈ" |

ਸੰਗਤ ਅਤੇ ਕਮੇਟੀ ਦੇ ਮੈਂਬਰਾ ਨੇ ਸੰਤ ਮਹਾਰਾਜ ਜੀ ਕੋਲੋਂ ਮੁਆਫ਼ੀ ਮੰਗੀ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਇਦਾ ਕੀਤਾ | ਉਹਨਾਂ ਨੂੰ ਸੰਤ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਚੀ ਸੂਚੀ ਪਦਵੀਂ ਬਾਰੇ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ |

'ਗੁਰੂ ਕੇ ਲੰਗਰ' ਦੀ ਪ੍ਰਥਾ

ਪਹਿਲੇ ਪਹਿਲ ਨਗਰ ਕੀਰਤਨ ਦੇ ਆਰੰਭ ਵੇਲ਼ੇ ਮਹਾਂਪੁਰਖ਼ ਨਿਰਮਲ ਕੁਟੀਆ ਜੋਹਲਾਂ ਤੋਂ ਸੰਗਤਾਂ ਦੇ ਛੱਕਣ ਲਈ 'ਗੁਰੂ ਕਾ ਲੰਗਰ' ਗੱਡਿਆਂ ਤੇ ਰੱਖ ਕੇ ਲਿਆਉਂਦੇ | ਇਹ 'ਗੁਰੂ ਕਾ ਲੰਗਰ' ਗੁਰੂਦਵਾਰਾ ਸਾਹਿਬ ਮੁਹੱਲਾ ਗੋਬਿੰਦਗੜ੍ਹ ਵਿਖੇ ਸੰਗਤਾਂ ਨੂੰ ਵਰਤਾਇਆ ਜਾਂਦਾ | 'ਗੁਰੂ ਕਾ ਲੰਗਰ' ਛੱਕਣ ਦੇ ਬਾਅਦ ਹੀ ਨਗਰ ਕੀਰਤਨ ਦਾ ਆਰੰਭ ਹੁੰਦਾ | ਸ਼ਹਿਰ ਦੀਆਂ ਮਾਈਆਂ-ਬੀਬੀਆਂ ਨੂੰ ਜਦੋਂ ਕੁਟੀਆ ਤੋਂ 'ਗੁਰੂ ਕਾ ਲੰਗਰ' ਆਉਣ ਦਾ ਪਤਾ ਚਲਿਆ ਤਾਂ ਉਹ ਸਾਰੀਆਂ ਇਕੱਠੀਆਂ ਹੋ ਕੇ ਮਹਾਂਪੁਰਖ਼ ਕੋਲ ਨਿਰਮਲ ਕੁਟੀਆ ਜੋਹਲਾਂ ਆਇਆਂ | ਉਨ੍ਹਾਂ ਨੇ ਮਹਾਪੁਰਖਾਂ ਪਾਸ ਬੇਨਤੀ ਕੀਤੀ ਕਿ ਨਗਰ ਕੀਰਤਨ ਦੀ ਆਰੰਭਤਾ ਵੇਲੇ 'ਗੁਰੂ ਕਾ ਲੰਗਰ' ਦੀ ਸੇਵਾ ਉਨ੍ਹਾਂ ਨੂੰ ਬਖਸ਼ੀ ਜਾਵੇ | ਮਹਾਪੁਰਖਾਂ ਨੇ ਹੁਕਮ ਕੀਤਾ ਕਿ ਸੇਵਾ ਤਾਂ ਮਿਲ ਸਕਦੀ ਹੈ ਜੇਕਰ ਆਉਣ ਵਾਲੇ ਸਮੇਂ ਇਸ ਸੇਵਾ ਨੂੰ ਨਿਭਾਉਣਾ ਹੋਵੇ | ਮਾਈਆਂ-ਬੀਬੀਆਂ ਨੇ ਸਤਿ ਬਚਨ ਕਿਹਾ ਤੇ 'ਗੁਰੂ ਕੇ ਲੰਗਰ' ਦੀ ਸੇਵਾ ਆਪਣੇ ਜਿਮੇ ਲੈ ਲਈ |

ਗੁਰੂਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਮੁਹੱਲਾ ਗੋਬਿੰਦਗੜ੍ਹ ਦੀਆਂ ਸਾਰੀਆਂ ਸੰਗਤਾਂ ਹੁਣ ਵੀ ਹਰ ਸਾਲ ਨਗਰ ਕੀਰਤਨ ਦੇ ਆਰੰਭ ਵੇਲੇ 'ਗੁਰੂ ਕਾ ਲੰਗਰ' ਦੀ ਸੇਵਾ ਕਰਨ ਲਈ ਨਿਰਮਲ ਕੁਟੀਆ ਜੋਹਲਾਂ ਵਿਖੇ ਪਹੁੰਚ ਕੇ ਮਹਾਪੁਰਖਾਂ ਨੂੰ ਬੇਨਤੀ ਕਰਦੀਆਂ ਹਨ | ਉਹ ਬੜੇ ਪਿਆਰ ਨਾਲ ਇਹ ਸੇਵਾ ਨਿਭਾ ਰਹੇ ਹਨ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ |

ਸਮੇਂ ਨਾਲ ਬਦਲਾਉ

ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵਿਦੇਸ਼ੀ ਹਕੂਮਤ ਦਾ ਰਾਜ ਸੀ ਤੇ ਹਰ ਪ੍ਰਕਾਸ਼ ਉਤਸਵ ਤੇ ਕੋਈ ਨਾ ਕੋਈ ਸ਼ਰਾਰਤ ਕਰ ਕੇ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰਦੇ | ਸ਼ਰਾਰਤੀ ਬੰਦਿਆਂ ਨੂੰ ਨਗਰ ਕੀਰਤਨ ਵਿਚ ਭੇਜ ਕੇ ਕੋਈ ਨਾ ਕੋਈ ਝਗੜਾ ਕਰਵਾਉਣ ਦੀ ਕੋਸ਼ਿਸ਼ ਕਰਦੇ ਪਰ ਜਦੋਂ ਨਿਰਮਲ ਕੁਟੀਆ ਜੋਹਲਾਂ ਤੋਂ ਆ ਕੇ ਮਹਾਂਪੁਰਖ ਸ਼ਾਮਿਲ ਹੁੰਦੇ, ਉਦੋਂ ਸਾਰੇ ਸ਼ਰਾਰਤੀ ਬੰਦੇ ਖਿਸਕ ਜਾਂਦੇ | ਸਾਰੇ ਨਗਰ ਕੀਰਤਨ ਬੜੀ ਸ਼ਾਂਤੀ ਪੂਰਵਕ ਨਿਕਲਦੇ | ਪਰ ਸਮੇਂ ਨਾਲ ਇਸ ਵਿਚ ਕਈਂ ਬਦਲਾਉ ਲਿਆਂਦੇ ਗਏ |

1. ਆਜ਼ਾਦੀ ਤੋਂ ਪਹਿਲਾਂ ਨਗਰ ਕੀਰਤਨ ਦੋਆਬਾ ਖਾਲਸਾ ਹਾਈ ਸਕੂਲ ਤੋਂ ਆਰੰਭ ਹੋ ਕੇ ਸਕੂਲ ਹੀ ਆ ਕੇ ਸੰਪੂਰਨ ਹੁੰਦਾ | ਸੰਨ ੧੯੪੭ ਦੇ ਬਾਅਦ ਨਗਰ ਕੀਰਤਨ ਗੁਰੂਦੁਆਰਾ ਸਾਹਿਬ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋਣਾ ਸ਼ੁਰੂ ਹੋਇਆ | ਧਾਰਮਿਕ ਦੀਵਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਦੋਆਬਾ ਖਾਲਸਾ ਹਾਈ ਸਕੂਲ ਹੀ ਹੁੰਦੇ ਰਹੇ | ਨਗਰ ਕੀਰਤਨ ਦੀ ਸਮਾਪਤੀ ਕਈਂ ਵਾਰ ਗੁਰੂਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਵਿਖੇ ਹੁੰਦੀ ਤੇ ਕਈਂ ਵਾਰ ਦੋਆਬਾ ਖਾਲਸਾ ਹਾਇ ਸਕੂਲ ਵਿਖੇ ਹੁੰਦੀ | ਬਾਅਦ ਵਿਚ ਸਮਾਪਤੀ ਗੁਰੂਦੁਆਰਾ ਸਾਹਿਬ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਹੋਣ ਲਗ ਪਈ |
2. ਜਲੰਧਰ ਸ਼ਹਿਰ ਵਿਖੇ ਉਨ੍ਹਾਂ ਦਿਨੀ ਘੱਟ ਹੀ ਸਿੰਘ ਸਭਾਵਾਂ ਹੁੰਦੀਆਂ ਸਨ | ਆਬਾਦੀ ਦੇ ਵਧਣ ਦੇ ਨਾਲ ਹਰ ਕਾਲੋਨੀ ਵਿਚ ਗੁਰੂਦੁਆਰਾ ਸਾਹਿਬ ਬਣ ਗਏ | ਪਰ ਇਨ੍ਹਾਂ ਦੇ ਵਧਣ ਬਾਅਦ ਵੀ ਸਾਰੇ ਇਕੱਠੇ ਹੋ ਕੇ ਨਗਰ ਕੀਰਤਨ ਦਾ ਸਾਰਾ ਪ੍ਰੋਗਰਾਮ ਮਹਾਂਪੁਰਖਾਂ ਤੋਂ ਇਜ਼ਾਜਤ ਲੈ ਕੇ ਹੀ ਉਲੀਕਦੇ | ਸਾਰਿਆਂ ਨੇ ਰਲ ਕੇ ਸੇਵਾ ਨਿਭਾਉਣੀ | ਇਸ ਇਕੱਠ ਬਾਰੇ ਦੂਸਰੇ ਧਰਮਾਂ ਦੇ ਲੋਕ ਅਕਸਰ ਕਹਿੰਦੇ ਹੁੰਦੇ ਸਨ ਕਿ ਸਿੱਖਾਂ ਦੇ ਨਗਰ ਕੀਰਤਨ ਵਿਚ ਰੱਬ ਦੀ ਮਹਿਮਾ ਸੁਨਣ ਨੂੰ ਤਾਂ ਮਿਲਦੀ ਹੀ ਹੈ ਨਾਲ ਹੀ ਸਿੱਖ ਸੰਗਤ ਦੀ ਏਕਤਾ ਤੇ ਅਣਥੱਕ ਸੇਵਾ ਵੇਖਣ ਵਾਲੀ ਹੁੰਦੀ ਹੈ |
3. ਸੰਨ ੧੯੨੮ ਈ. ਤੋਂ ਲੈ ਕਿ ਸੰਨ ੧੯੮੮ ਈ. ਤੱਕ ਪੰਜ ਪਿਆਰੇ, ਪੰਜ ਨਿਸ਼ਾਨ ਸਾਹਿਬ, ਦੋ ਚਾਂਦੀ ਦੀਆਂ ਚੌਬਾ ਨਿਰਮਲ ਕੁਟੀਆ ਤੋਂ ਹੀ ਆਉਂਦੇ ਰਹੇ | ਫਿਰ ਮਹਾਂਪੁਰਖਾਂ ਨੇ ਜਲੰਧਰ ਸ਼ਹਿਰ ਦੇ ਪ੍ਰਬੰਧਕ ਨੂੰ ਹੁਕਮ ਕੀਤਾ ਕਿ ਇਨ੍ਹਾਂ ਸਭ ਦਾ ਇੰਤਜ਼ਾਰ ਸ਼ਹਿਰ ਨਿਵਾਸੀ ਹੀ ਕਰਨ | ਇਸ ਸੇਵਾ ਨੂੰ ਸ਼ਹਿਰ ਦੀ ਸੰਗਤ ਤੇ ਪ੍ਰਬੰਧਕ ਹੀ ਨਿਭਾ ਰਹੇ ਹਨ |
4. ਜਦੋਂ ਤੱਕ ਸਿੱਖ ਰਿਆਸਤਾਂ ਰਹੀਆਂ, ਹਾਥੀ ਕਪੂਰਥਲਾ ਰਿਆਸਤ ਤੋਂ ਹੀ ਆਉਂਦਾ ਰਿਹਾ | ੧੯੪੭ ਦੇ ਬਾਅਦ ਰਿਆਸਤਾਂ ਖਤਮ ਹੋ ਗਈਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਚਾਰ ਪਹੀਆ ਵਾਹਨ ਤੇ ਸਜਾਉਣੀ ਸ਼ੁਰੂ ਕੀਤੀ ਗਈ |

ਨਿਰਮਲ ਕੁਟੀਆ ਜੋਹਲਾਂ ਦੇ ਮਹਾਂਪੁਰਖਾਂ ਦੀ ਸੇਵਾ

ਨਗਰ ਕੀਰਤਨ ਕੱਢਣ ਦੀ ਇਹ ਪ੍ਰਥਾ ਅੱਜ ਵੀ ਉਸੇ ਚਾਹ ਮਲਾਰ ਨਾਲ ਜਾਰੀ ਹੈ | ਸੰਨ ੧੯੪੭ ਈ. ਤੱਕ ਦੇ ਨਗਰ ਕੀਰਤਨ ਅਤੇ ਦੋਆਬਾ ਹਾਇ ਸਕੂਲ ਦੀਆਂ ਕੁਝ ਤਸਵੀਰਾਂ ਨਿਰਮਲ ਕੁਟੀਆ ਜੋਹਲਾਂ ਵਿਕੇ ਮੌਜੂਦ ਹਨ |

ਇਹਨਾਂ ਨਗਰ ਕੀਰਤਨਾਂ ਦੀ ਸੇਵਾ ਨਿਰਮਲ ਕੁਟੀਆ ਜੋਹਲਾਂ ਦੇ ਮਹਾਂਪੁਰਖਾਂ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਨੇ ਸੰਨ ੧੯੨੮ ਈ. ਤੋਂ ਲੈ ਕਿ ਸੰਨ ੧੯੭੧ ਈ. ਤੱਕ ਆਪਣੀ ਸਰਪ੍ਰਸਤੀ ਹੇਠ ਨਿਭਾਈ | ਸੰਨ ੧੯੭੧ ਤੋਂ ਬਾਅਦ ਨਿਰਮਲ ਕੁਟੀਆ ਜੋਹਲਾਂ ਦੇ ਮਹਾਪੁਰਖਾਂ ਸੰਤ ਬਾਬਾ ਗਿਆਨ ਸਿੰਘ ਜੀ ਮਹਾਰਾਜ ਤੇ ਫਿਰ ਉਨ੍ਹਾਂ ਤੋਂ ਬਾਅਦ ਸੰਤ ਬਾਬਾ ਹਰਭਜਨ ਸਿੰਘ 'ਵਿਰੱਕਤ' ਜੀ ਮਹਾਰਾਜ ਸੰਨ ੨੦੦੧ ਈ. ਤੱਕ ਨਿਭਾਉਂਦੇ ਰਹੇ |

ਹੁਣ ਮੌਜੂਦਾ ਸਮੇ ਅੰਦਰ ਸੰਨ ੨੦੦੧ ਈ. ਇਨ੍ਹਾਂ ਨਗਰ ਕੀਰਤਨਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੌਰ ਕਰਨ ਦੀ ਸੇਵਾ ਨਿਰਮਲ ਕੁਟੀਆ ਜੋਹਲਾਂ ਦੇ ਵਰਤਮਾਨ ਮੁਖੀ ਸ੍ਰੀਮਾਨ ਸੰਤ ਬਾਬਾ ਜੀਤ ਸਿੰਘ ਜੀ ਨਿਭਾ ਰਹੇ ਹਨ | ਇਲਾਕੇ ਦੀਆਂ ਸਮੂਹ ਸੰਗਤਾਂ, ਰਾਗੀ, ਢਾਡੀ, ਬੈਂਡ-ਬਾਜੇ, ਟਰਾਲੀਆਂ, ਕਾਰਾਂ ਤੇ ਜੀਪਾਂ ਨਗਰ ਕੀਰਤਨ ਦਾ ਹਿੱਸਾ ਬਨਣ ਲਈ ਮਹਾਂਪੁਰਖਾਂ ਦੇ ਨਾਲ ਹੁੰਦੇ ਹਨ | ਜਲੰਧਰ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਅਤੇ ਸਿੰਘ ਸਭਾਵਾਂ ਇਨ੍ਹਾਂ ਨਗਰ ਕੀਰਤਨਾਂ ਵਿਚ ਮਹਾਂਪੁਰਖਾਂ ਅਤੇ ਉਨ੍ਹਾਂ ਦੀ ਸੰਗਤ ਦਾ ਪੂਰਾ ਧਿਆਨ ਦੇਂਦੀਆਂ ਹਨ | ਸ਼ਹਿਰ ਦੀ ਸਮੂਹ ਸੰਗਤ ਤੇ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਇਨ੍ਹਾਂ ਨਗਰ ਕੀਰਤਨਾਂ ਦਾ ਪੂਰਾ ਲਾਹਾ ਪ੍ਰਾਪਤ ਕਰ ਰਹੀਆਂ ਹਨ |

ਇਸ ਸਮੇ ਵਿਚ ਨਿਰਮਲ ਕੁਟੀਆ ਜੋਹਲਾਂ ਦੇ ਮਹਾਂਪੁਰਖਾਂ ਦਾ ਪ੍ਰੇਮ ਤੇ ਨਿਯਮ

ਇਸ ਸਮੇ ਨਿਰਮਲ ਕੁਟੀਆ ਜੋਹਲਾਂ ਦੇ ਮੌਜੂਦਾ ਮੁਖੀ ਸੰਤ ਬਾਬਾ ਜੀਤ ਸਿੰਘ ਅਤੇ ਸਹਾਇਕ ਸੰਤ ਬਾਬਾ ਗੁਰਮੀਤ ਸਿੰਘ ਜੀ ਪੁਰਾਤਨ ਰੀਤ ਨੂੰ ਜੀਵਤ ਰੱਖ ਰਹੇ ਹਨ |

ਨਿਰਮਲ ਕੁਟੀਆ ਵਿਖੇ ਅੱਜ ਦੇ ਸਮੇ ਵਿਚ ਪੌਰਾਣਿਕ ਚਲੀ ਆ ਰਹੀ ਪਰੰਪਰਾ ਉਸੇ ਤਰ੍ਹਾਂ ਕਾਇਮ ਹੈ | ਪਹਿਲਾਂ ਨਗਰ ਕੀਰਤਨ ਸ੍ਰੀ 'ਆਸਾ ਦੀ ਵਾਰ' ਦੇ ਕੀਰਤਨ ਉਪਰੰਤ ਆਰੰਭ ਕੀਤਾ ਜਾਂਦਾ ਸੀ | ਇਹ ਕੀਰਤਨ ਰਾਗੀ ਜੱਥੇ ਦੋਆਬਾ ਖਾਲਸਾ ਹਾਈ ਸਕੂਲ ਵਿਚ ਕਰਦੇ ਸਨ | ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਨੇ ਸ੍ਰੀ 'ਆਸਾ ਦੀ ਵਾਰ' ਦਾ ਕੀਰਤਨ ਕੁਟੀਆ ਜੋਹਲਾਂ ਵਿਖੇ ਹੀ ਸਜਾਉਣਾ ਆਰੰਭ ਕਰ ਦਿੱਤਾ |

ਨਗਰ ਕੀਰਤਨ ਵਾਲੇ ਦਿਨ ਇਲਾਕੇ ਦੀਆਂ ਸੈਂਕੜੇ ਸੰਗਤਾਂ ਦੂਰੋਂ ਨੇੜਿਉਂ ਟਰਾਲੀਆਂ, ਕਾਰਾਂ, ਜੀਪਾਂ ਅਤੇ ਹੋਰ ਵਾਹਨਾਂ ਤੇ ਅੰਮ੍ਰਿਤ ਵੇਲ਼ੇ ਹੀ ਨਿਰਮਲ ਕੁਟੀਆ ਜੋਹਲਾਂ ਪਹੁੰਚ ਜਾਂਦੀਆਂ ਹਨ |

ਕੁਟੀਆ ਵਿਖੇ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਹਰ ਰਾਗੀ, ਢਾਡੀ, ਪ੍ਰਚਾਰਕ ਹਾਜ਼ਰੀ ਭਰਦੇ ਹਨ ਤੇ ਉਸ ਦੇ ਬਾਅਦ ਕੜ੍ਹਾਹ ਪ੍ਰਸਾਦਿ ਦੀ ਅਰਦਾਸ ਹੁੰਦੀ ਹੈ | ਸਵੇਰੇ ੮ ਵਜੇ ਸਾਰੀਆਂ ਸੰਗਤਾਂ,ਰਾਗੀ, ਢਾਡੀ, ਪ੍ਰਚਾਰਕ, ਬੈਂਡ-ਬਾਜੇ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ ਜਲੰਧਰ ਸ਼ਹਿਰ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋ ਜਾਂਦੇ ਹਨ |

ਰਸਤੇ ਵਿਚ ਥਾਂ ਥਾਂ ਤੇ ਫੁੱਲਾਂ ਦੀ ਵਰਖਾ ਕਰਦੀ ਹੈ ਤੇ ਜਾਲ-ਪਾਣੀ, ਫਰੂਟ ਆਦਿ ਨਾਲ ਸਵਾਗਤ ਕਰਦੀ ਹੈ | ਗੁਰੂਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਗੋਬਿੰਦਗੜ੍ਹ ਵਿਖੇ ਉਥੋਂ ਦੇ ਪ੍ਰਬੰਧਕ ਤੇ ਸੰਗਤ, ਮਹਾਂਪੁਰਖਾਂ ਦਾ ਨਿੱਘਾ ਸਵਾਗਤ ਕਰਦੇ ਹਨ |

ਗੁਰੂਦੁਆਰਾ ਸਾਹਿਬ ਵਿਖੇ ਹੀ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਹੈ | ਫਿਰ ਅਰਦਾਸ ਬਾਅਦ ਨਗਰ ਕੀਰਤਨ ਦਾ ਆਰੰਭ ਹੁੰਦਾ ਹੈ |

ਮਹਾਂਪੁਰਖ ਨਗਰ ਕੀਰਤਨ ਦੇ ਆਰੰਭ ਤੋਂ ਲੈ ਕੇ ਸਮਾਪਤੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੌਰ ਦੀ ਸੇਵਾ ਇੱਕ ਚੌਕੜੇ ਵਿਚ ਸੱਜ ਕੇ ਕਰਦੇ ਹਨ | ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮਹਾਂਪੁਰਖ ਸੁੱਚਮ ਤੇ ਸੇਵਾ ਦਾ ਪੂਰਾ ਧਿਆਨ ਦੇਂਦੇ ਹਨ | ਇਸ ਦੌਰਾਨ ਨਾ ਤਾਂ ਮਹਾਂਪੁਰਖ ਗੱਡੀ ਤੋਂ ਥੱਲੇ ਉਤਰਦੇ ਹਨ ਤੇ ਨਾ ਹੀ ਕੋਈ ਅੰਨ ਜਲ ਦਾ ਸੇਵਨ ਕਰਦੇ ਹਨ | ਨਗਰ ਕੀਰਤਨ ਦੀ ਪੂਰਨ ਸਮਾਪਤੀ ਮਗਰੋਂ ਹੀ ਅੰਨ ਜਲ ਛਕਦੇ ਹਨ |

ਕਈ ਵਾਰੀ ਸਾਰੇ ਕਾਰਜ ਦੀ ਸਮਾਪਤੀ ਰਾਤ ਦੇ ਦਸ ਵਜੇ ਹੁੰਦੀ ਹੈ | ਮਹਾਂਪੁਰਖਾਂ ਦੇ ਨਾਲ ਆਈ ਸੰਗਤ ਸਮਾਪਤੀ ਦੇ ਬਾਅਦ ਹੀ ਛੁੱਟੀਆਂ ਲੈ ਕੇ ਆਪੋ ਆਪਣੇ ਘਰਾਂ ਨੂੰ ਵਾਪਿਸ ਜਾਂਦੀਆਂ ਹਨ |

ਸਤਿਗੁਰੂ ਸਾਚੇ ਪਾਤਸ਼ਾਹ ਦੀ ਮੇਹਰ ਵਰਤ ਰਹੀ ਹੈ | ਗੁਰੂ ਸਾਹਿਬ ਜਲੰਧਰ ਸ਼ਹਿਰ ਤੇ ਆਲੇ ਦੁਆਲੇ ਏ ਇਲਾਕੇ ਦੀ ਸੰਗਤ ਨੂੰ ਇਸੇ ਤਰ੍ਹਾਂ ਉਤਸ਼ਾਹ ਬਖਸ਼ਦੇ ਰਹਿਣ ਤਾਂ ਜੋ ਇਥੋਂ ਦੇ ਨਗਰ ਕੀਰਤਨਾਂ ਦਾ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇ |

ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ||
ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ||੨|| (ਪੰਨਾ ੬੧੩)

ਬੇਨਤੀ

ਜਲੰਧਰ ਸ਼ਹਿਰ ਦੀ ਵਿਚ ਕੱਢੇ ਜਾ ਰਹੇ ਨਗਰ ਕੀਰਤਨਾਂ ਦਾ ਨਜ਼ਾਰਾ ਦਾਸ ਨੂੰ ਆਪਣੇ ਅੱਖੀਂ ਵੇਖਦਿਆਂ ਕਈਂ ਦਸ਼ਕ ਬੀਤ ਗਏ ਹਨ | ਦਾਸ ਨਿਰਮਲ ਕੁਟੀਆ ਜੋਹਲਾਂ ਦੇ ਮਹਾਂਪੁਰਖਾਂ ਦੀ ਸੰਗਤ ਪੁਲਿਸ ਦੀ ਨੌਕਰੀ ਕਰਣ ਵੇਲੇ ਤੋਂ ਕਰ ਰਿਹਾ ਹੈ | ਮਹਾਂਪੁਰਖਾਂ ਦੀ ਸੇਵਾ ਜਲੰਧਰ ਸ਼ਹਿਰ ਦੇ ਵਾਸੀਆਂ ਲਈ ਅਦੁਤੀ ਹੈ | ਉਨ੍ਹਾਂ ਦੇ ਉਪਕਾਰ ਸਦਕਾ ਹੀ ਨਗਰ ਕੀਰਤਨਾਂ ਵਿਚ ਸਾਰੇ ਇਲਾਕੇ ਦੇ ਸ਼ਰਧਾਲੂ ਇਨ੍ਹਾਂ ਵਿਚ ਸ਼ਾਮਿਲ ਹੁੰਦੇ ਹਨ |

ਇਸ ਨਿਮਾਣੇ ਯਤਨ ਵਿਚ ਵੱਧ ਘੱਟ ਸ਼ਬਦ ਲਿਖਣ ਦੀ ਖਿਮਾ ਕਰਨਾ ਜੀ |

ਦਾਸ
ਸੋਹਨ ਸਿੰਘ
ਡੀ.ਐਸ.ਪੀ (ਰਿਟਾਇਰਡ)